ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਨੇ ਮਨਾਇਆ ‘ਭੂਮੀ ਸਿਹਤ ਦਿਵਸ’

12/07/2018 2:29:25 PM

ਜਲੰਧਰ (ਸ਼ਰਮਾ)-ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ (ਜਲੰਧਰ) ਵਲੋਂ ਬੀਤੇ ਦਿਨ ਸਥਾਨਕ ਕੇਂਦਰ ਵਿਖੇ ‘ਭੂਮੀ ਸਿਹਤ ਦਿਵਸ’ ਮਨਾਇਆ ਗਿਆ। ਇਸ ਵਿਚ ਖੇਤੀ ਬਾਡ਼ੀ ਅਫਸਰ ਡਾ. ਰਣਜੀਤ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਭੂਮੀ ਸਿਹਤ ਤੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨਾਂ ਤੇ ਮਾਹਿਰਾਂ ਵਿਚਕਾਰ ਵਿਚਾਰ-ਵਟਾਂਦਰਾ ਹੋਇਆ ਅਤੇ ਵੱਖ-ਵੱਖ ਵਿਸ਼ਿਆਂ ’ਤੇ ਜਿਵੇਂ ਡੰਗਰਾਂ ਦੀ ਦੇਖ-ਰੇਖ, ਮਿੱਟੀ ਦੀ ਪਰਖ, ਪੌਦਾ ਰੋਗ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਅੈਸੋਸੀਏਟ ਡਾਇਰੈਕਟਰ, ਕੇ. ਵੀ. ਕੇ. ਨੂਰਮਹਿਲ ਡਾ. ਕੁਲਦੀਪ ਸਿੰਘ ਨੇ ‘ਭੂਮੀ ਸਿਹਤ ਦਿਵਸ’ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਕੇ. ਵੀ. ਕੇ. ਵਲੋਂ ਦਿੱਤੀਆਂ ਜਾਣ ਵਾਲੀਅਾਂ ਸਹੂਲਤਾਂ ਅਤੇ ਸਰਗਰਮੀਆਂ ਬਾਰੇ ਦੱਸਿਆ। ਇਸ ਮੌਕੇ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਵੀ ਦਿੱਤੇ ਗਏ ਤੇ ਨਾਲ ਹੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਟ੍ਰੇਨਿੰਗ ’ਚ ਭਾਗ ਲੈਣ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਤੇ ਬੈਗ ਵੀ ਦਿੱਤੇ ਗਏ। ਅੱਜ ਦੇ ਇਸ ਵਿਲੱਖਣ ਸਮਾਰੋਹ ’ਚ 100 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ।