ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ ’ਚ ਕੱਢੇ ਕੈਂਡਲ ਮਾਰਚ ਦੀ ਅਗਵਾਈ ਵਿਕਰਮਜੀਤ ਚੌਧਰੀ ਨੇ ਕੀਤੀ

02/20/2019 10:48:25 AM

ਜਲੰਧਰ (ਧਵਨ)-ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ’ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ’ਚ ਕੱਢੇ ਗਏ ਕੈਂਡਲ ਮਾਰਚ ਦੀ ਅਗਵਾਈ ਪੰਜਾਬ ਸਰਕਾਰ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਨੇ ਕੀਤੀ। ਅੱਪਰਾ ਪਿੰਡ ’ਚ ਕੱਢੇ ਗਏ ਰੋਸ ਮਾਰਚ ’ਚ ਲੋਕ ਅੱਤਵਾਦੀਆਂ ਅਤੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਰੋਸ ਮਾਰਚ ’ਚ ਸ਼ਾਮਲ ਲੋਕਾਂ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਖੁੱਲ੍ਹ ਕੇ ਵਿਰੋਧ ਕਰਦਿਆਂ ਕਿਹਾ ਕਿ ਅਜਿਹੇ ਸੰਗਠਨਾਂ ਦਾ ਸਫਾਇਆ ਕਰਨ ਦਾ ਸਮਾਂ ਆ ਗਿਆ ਹੈ। ਵਿਕਰਮਜੀਤ ਚੌਧਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੁਲਵਾਮਾ ’ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਅੱਤਵਾਦੀਆਂ ਖਿਲਾਫ ਸਖ਼ਤ ਰਵੱਈਆ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕਾਇਰਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਅਨਸਰਾਂ ਨੂੰ ਜਵਾਬ ਦੇਣ ਵਿਚ ਭਾਰਤੀ ਫੋਰਸ ਅਤੇ ਆਰਮਡ ਫੋਰਸਿਜ਼ ਸਮਰੱਥ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਅੱਤਵਾਦ ਖਿਲਾਫ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਲੋਕਾਂ ਨੇ ਹੱਥਾਂ ਵਿਚ ਮੋਮਬੱਤੀਆਂ ਫੜੀਆਂ ਹੋਈਆਂ ਸਨ। ਲੋਕਾਂ ਨੇ ਮੌਨ ਰੱਖ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਰੋਸ ਮਾਰਚ ਵਿਚ ਹਿੱਸਾ ਲੈਣ ਵਾਲਿਆਂ ’ਚ ਜ਼ਿਲਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਕੌਰ, ਸੁਰਜੀਤ ਸਿੰਘ ਪਹਿਲਵਾਨ, ਬਲਾਕ ਸੰਮਤੀ ਮੈਂਬਰ ਵਿਨੋਦ ਕਾਲੜਾ, ਸਰਪੰਚ ਗਿਆਨ ਸਿੰਘ ਅਤੇ ਤਹਿਸੀਲਦਾਰ ਤਪਨ ਭਨੋਟ ਵੀ ਸ਼ਾਮਲ ਸਨ।