PMMY ਯੋਜਨਾ ਦੇ ਤਹਿਤ ਲੋਨ ਲੈ ਕੇ ਸ਼ੁਰੂ ਕਰੋ ਆਪਣਾ ਕਾਰੋਬਾਰ, ਇਹ ਹੈ ਪੂਰਾ ਪ੍ਰੋਸੈੱਸ

05/31/2019 1:26:06 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਆਪਣਾ ਕੋਈ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਪ੍ਰਧਾਨ ਮੰਤਰੀ ਯੋਜਨਾ(PMMY)  ਤੁਹਾਡੇ ਲਈ ਹੀ ਬਣੀ ਹੈ। ਅਪ੍ਰੈਲ 2015 'ਚ ਸ਼ੁਰੂ ਹੋਈ ਇਸ ਯੋਜਨਾ ਤੋਂ ਹੁਣ ਤੱਕ ਹਜ਼ਾਰਾਂ ਲੋਕ ਲੋਨ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ। PMMY ਦੀ ਵੈਬਸਾਈਟ ਦੇ ਅਨੁਸਾਰ 31 ਮਾਰਚ 2019 ਨੂੰ ਖਤਮ ਹੋਏ ਵਿੱਤੀ ਸਾਲ ਵਿਚ ਮੁਦਰਾ ਯੋਜਨਾ ਦੇ ਤਹਿਤ 3,11,811.38 ਕਰੋੜ ਰੁਪਏ ਦੇ ਲੋਨ ਦਿੱਤੇ ਜਾ ਚੁੱਕੇ ਹਨ। ਸਰਕਾਰ ਨੇ ਇਸ ਯੋਜਨਾ ਦੇ ਤਹਿਤ ਚਾਲੂ ਵਿੱਤੀ ਸਾਲ ਵਿਚ 23 ਮਾਰਚ ਤੱਕ 23,818.40 ਕਰੋੜ ਰੁਪਏ ਦੇ ਲੋਨ ਵੰਡੇ ਹਨ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ

PMMY ਯੋਜਨਾ ਤਹਿਤ ਮਿਲਣਗੇ 3 ਤਰ੍ਹਾਂ ਦੇ ਲੋਨ

ਇਸ ਯੋਜਨਾ ਦੇ ਤਹਿਤ ਤਿੰਨ ਤਰ੍ਹਾਂ ਦੇ ਲੋਨ ਦਿੱਤੇ ਜਾਂਦੇ ਹਨ ਜਿਸ ਵਿਚ ਬਾਲ ਲੋਨ , ਨੌਜਵਾਨ ਲੋਨ ਅਤੇ ਤਰੁਣ ਲੋਨ ਸ਼ਾਮਲ ਹੈ। 

- ਬਾਲ ਲੋਨ ਦੇ ਅਧੀਨ 50 ਹਜ਼ਾਰ ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ। 
- ਨੌਜਵਾਨ ਲੋਨ ਦੇ ਅਧੀਨ 50 ਹਜ਼ਾਰ ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ।
- ਤਰੁਣ ਲੋਨ ਦੇ ਅਧੀਨ 5 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ। 

ਮੁਦਰਾ ਲੋਨ ਦੀ ਵਿਆਜ ਦਰ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਵਿਆਜ ਦਰ ਨਿਸ਼ਚਿਤ ਨਹੀਂ ਹੁੰਦੀ, ਪਰ ਆਮ ਤੌਰ 'ਤੇ ਘੱਟੋ-ਘੱਟ ਵਿਆਜ ਦਰ 10-12 ਫੀਸਦੀ ਸਾਲਾਨਾ ਹੁੰਦੀ ਹੈ। ਇਸ ਯੋਜਨਾ ਦੇ ਤਹਿਤ ਵਿਆਜ ਦਰ ਲੋਨ ਲੈਣ ਵਾਲੇ ਵਿਅਕਤੀ ਦੇ ਕਾਰੋਬਾਰ ਦੀ ਕਿਸਮ ਅਤੇ ਉਸ ਨਾਲ ਜੁੜੇ ਜੋਖਮ 'ਤੇ ਨਿਰਭਰ ਕਰਦੀ ਹੈ। ਵੱਖ-ਵੱਖ ਬੈਂਕ ਮੁਦਰਾ ਲੋਨ ਲਈ ਵੱਖਰੀ ਵਿਆਜ ਦਰ ਵੀ ਰੱਖ ਸਕਦੇ ਹਨ।

ਜਾਣੋ ਪੂਰੀ ਪ੍ਰਕਿਰਿਆ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਲੋਨ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੀ ਕਿਸੇ ਬੈਂਕ ਦੀ ਬ੍ਰਾਂਚ ਵਿਚ ਜਾ ਕੇ ਅਰਜ਼ੀ ਦੇਣੀ ਹੋਵੇਗੀ। ਬੈਂਕ ਮੈਨੇਜਰ ਤੁਹਾਡੇ ਕੋਲੋਂ ਕਾਰੋਬਾਰ ਬਾਰੇ ਜਾਣਕਾਰੀ ਮੰਗੇਗਾ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਆਪਣੇ ਮਕਾਨ ਦਾ ਮਾਲਿਕਾਨਾ ਹੱਕ ਜਾਂ ਕਿਰਾਏ ਦੇ ਐਗਰੀਮੈਂਟ ਵਾਲੇ ਦਸਤਾਵੇਜ਼, ਕਾਰੋਬਾਰ ਨਾਲ ਜੁੜੀ ਜਾਣਕਾਰੀ, ਪੈਨ ਨੰਬਰ ਅਤੇ ਆਧਾਰ ਵਰਗੇ ਦਸਤਾਵੇਜ਼ ਦੇਣੇ ਹੋਣਗੇ। ਤੁਹਾਡੇ ਕਾਰੋਬਾਰ ਦੀ ਕਿਸਮ ਦੇ ਆਧਾਰ 'ਤੇ ਤੁਹਾਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਲੋਨ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਮੌਜੂਦਾ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਪੈਸਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ 0000 ਦੇ ਤਹਿਤ ਲੋਨ ਮਿਲ ਸਕੇਗਾ।

ਵਧਾਈ ਜਾ ਸਕਦੀ ਹੈ ਲੋਨ ਚੁਕਾਉਣ ਦੀ ਮਿਆਦ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਲੋਨ ਚੁਕਾਉਣ ਦੀ ਮਿਆਦ ਨੂੰ 5 ਸਾਲ ਤੱਕ ਅੱਗੇ ਵਧਾਇਆ ਜਾ ਸਕਦਾ ਹੈ। ਯੋਜਨਾ ਲੈਣ ਵਾਲੇ ਵਿਅਕਤੀ ਨੂੰ ਮੁਦਰਾ ਕਾਰਡ ਦਿੱਤਾ ਜਾਂਦਾ ਹੈ। ਇਸ ਮੁਦਰਾ ਕਾਰਡ ਨਾਲ ਵਿਅਕਤੀ ਆਪਣੀ ਜ਼ਰੂਰਤ ਦੇ ਹਿਸਾਬ ਨਾ ਪੈਸਾ ਖਰਚ ਕਰ ਸਕਦਾ ਹੈ।