ਤਿਉਹਾਰੀ ਸੀਜ਼ਨ ''ਚ ਖਰੀਦਣਾ ਚਾਹੁੰਦੇ ਹੋ ਕਾਰ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

08/23/2019 2:01:32 PM

ਨਵੀਂ ਦਿੱਲੀ — ਭਾਰਤ ਦੇਸ਼ 'ਚ ਰਖੜੀ ਦੇ ਤਿਉਹਾਰ ਦੇ ਨਾਲ ਹੀ ਤਿਉਹਾਰਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੰਦੀ ਦੇ ਇਸ ਦੌਰ 'ਚ ਵੱਡੀਆਂ-ਵੱਡੀਆਂ ਕੰਪਨੀ ਮੰਗ ਵਧਣ ਦੀ ਆਸ ਲਗਾ ਕੇ ਬੈਠੀਆਂ ਹਨ।  ਦੂਜੇ ਪਾਸੇ ਭਾਰਤ ਦੇਸ਼ ਦੀ ਪਰੰਪਰਾ ਅਨੁਸਾਰ ਤਿਉਹਾਰਾਂ 'ਚ ਖਰੀਦਦਾਰੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਦੋਵਾਂ ਪਾਸਿਆਂ ਤੋਂ ਬਜ਼ਾਰ 'ਚ ਹਲਚਲ ਵਧਣ ਦੇ ਸੰਕੇਤ ਮਿਲ ਰਹੇ ਹਨ। ਇਨ੍ਹਾਂ ਦਿਨਾਂ 'ਚ ਲੋਕ ਕਾਰ ਖਰੀਦਦੇ ਹਨ ਅਤੇ ਜਿਨ੍ਹਾਂ ਕੋਲ ਕਾਰ ਹੈ ਉਹ ਇਸ ਨੂੰ ਬਦਲਣ ਬਾਰੇ ਸੋਚਦੇ ਹਨ। ਕੁਝ ਬੈਂਕਾਂ ਨੇ ਕਾਰ ਲੋਨ 'ਤੇ ਪ੍ਰੋਸੈਸਿੰਗ ਫੀਸ ਮੁਆਫ ਕਰਨ ਦੇ ਨਾਲ-ਨਾਲ ਘਟ ਵਿਆਜ 'ਤੇ ਫਾਈਨਾਂਸ ਦਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਫਿਰ ਵੀ ਕਾਰ ਲੋਨ ਦੀ ਬਿਹਤਰ ਡੀਲ ਲਈ ਤੁਸੀਂ ਕਈ ਬੈਂਕਾਂ ਦੇ ਲੋਨ ਦੀ ਆਨਲਾਈਨ ਤੁਲਨਾ ਕਰ ਸਕਦੇ ਹੋ। ਇਸ ਤਰੀਕੇ ਨਾਲ ਜੇਕਰ ਤੁਹਾਡੀ ਵਿਆਜ ਦਰ ਥੋੜ੍ਹੀ ਜਿਹੀ ਵੀ ਘੱਟ ਹੋਈ ਤਾਂ ਇਸ ਦਾ ਲੰਬੇ ਸਮੇਂ 'ਚ ਫਾਇਦਾ ਹੋਵੇਗਾ।

ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ 'ਚ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ।

ਵਿਆਜ ਦਰ

ਕਾਰ ਲੋਨ 'ਤੇ ਵਿਆਜ ਦਰ 8.70 ਤੋਂ 10 ਫ਼ੀਸਦੀ ਮਿਲ ਰਹੀ ਹੈ। ਇਹ ਤੁਹਾਡੇ ਕਾਰ ਦੇ ਮਾਡਲ, ਮਹੀਨੇ ਦੀ ਆਮਦਨ ਅਤੇ ਲੋਨ ਦੀ ਮਿਆਦ 'ਤੇ ਨਿਰਭਰ ਕਰਦੀ ਹੈ। ਵਿਆਜ ਦਰ 'ਚ ਛੋਟੀ ਜਿਹੀ ਕਟੌਤੀ ਤੁਹਾਡੇ ਕੁੱਲ ਵਿਆਜ ਦੀ ਲਾਗਤ 'ਚ ਵੱਡਾ ਬਦਲਾਅ ਲਿਆ ਸਕਦੀ ਹੈ। ਇਸ ਲਈ ਵਿਆਜ ਦਰਾਂ ਬਾਰੇ ਬੈਂਕ ਕੋਲੋਂ ਪੁਰੀ ਜਾਣਕਾਰੀ ਲਓ ਅਤੇ ਹੋਰ ਬੈਂਕਾਂ ਨਾਲ ਇਸ ਦੀ ਤੁਲਨਾ ਕਰਦੇ ਹੋਏ ਫਲੋਟਿੰਗ ਦਰ ਨੂੰ ਪਹਿਲ ਦੇਣ ਬਾਰੇ ਸਲਾਹ ਕਰੋ।

ਲੋਨ ਦੀ EMI

ਵਿਆਜ ਦਰ ਸਮੇਤ ਤੁਹਾਡੇ ਲੋਨ ਦੀ EMI ਵੀ ਦੋ ਚੀਜ਼ਾਂ 'ਤੇ ਨਿਰਭਰ ਕਰਦੀ ਹੈ ਪਹਿਲਾ ਕਿ ਤੁਸੀਂ ਕਿੰਨਾ ਦਾ ਲੋਨ ਲਿਆ ਹੈ ਦੂਸਰਾ ਉਸ ਦੀ ਮਿਆਦ। ਆਪਣੇ ਹੋਰ ਈਐੱਮਆਈ, ਐੱਸਆਈਪੀ ਅਤੇ ਇੰਸ਼ੋਰੈਂਸ ਪ੍ਰੀਮੀਅਮ ਨੂੰ ਦੇਖਦੇ ਹੋਏ ਹੀ ਇਹ ਫ਼ੈਸਲਾ ਲਉ। ਕਾਰ ਦੀ ਈਐੱਮਆਈ ਤਨਖ਼ਾਹ ਦੇ 40 ਫ਼ੀਸਦੀ ਹਿੱਸੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 

ਪ੍ਰੋਸੈਸਿੰਗ ਫੀਸ

ਬੈਂਕ ਤੁਹਾਡੇ ਲੋਨ ਦੀ ਅਰਜ਼ੀ ਦੀ ਸਮੀਖਿਆ ਕਰਨ 'ਚ ਲੱਗੀ ਰਕਮ ਨੂੰ ਪ੍ਰੋਸੈਸਿੰਗ ਫੀਸ ਦੇ ਤੌਰ 'ਤੇ ਲੈਂਦੇ ਹਨ। ਇਹ ਫੀਸ ਰਿਫੰਡੇਬਲ ਨਹੀਂ ਹੁੰਦੀ। ਆਮ ਤੌਰ 'ਤੇ ਬੈਂਕ 1 ਹਜ਼ਾਰ ਤੋਂ 10 ਹਜ਼ਾਰ ਤਕ ਦੀ ਪ੍ਰੋਸੈਸਿੰਗ ਫੀਸ ਲੈਂਦੇ ਹਨ। ਕਈ ਬੈਂਕ ਪ੍ਰੋਸੈਸਿੰਗ ਫੀਸ 'ਚ ਡਿਸਕਾਉਂਟ ਵੀ ਦਿੰਦੇ ਹਨ ਜਾਂ ਫਿਰ ਇਸ ਨੂੰ ਮੁਆਫ ਵੀ ਕਰ ਦਿੰਦੇ ਹਨ। ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਪ੍ਰੋਸੈਸਿੰਗ ਫੀਸ 'ਚ ਛੋਟ ਦੇ ਨਾਂ 'ਤੇ ਕਿਤੇ ਤੁਹਾਡੇ ਕੋਲੋਂ ਵਿਆਜ ਜਾਂ ਹੋਰ ਵਾਧੂ ਚਾਰਜ ਤਾਂ ਨਹੀਂ ਲੈ ਰਹੇ।

ਪ੍ਰੀਪੇਮੈਂਟ ਚਾਰਜ

ਲੋਨ ਨੂੰ ਸਮੇਂ ਤੋਂ ਪਹਿਲਾਂ ਚੁਕਾਉਣਾ ਚੰਗਾ ਵਿਚਾਰ ਹੈ ਕਿਉਂਕਿ ਤੁਹਾਡੀ ਕਾਰ ਦੀ ਕੀਮਤ ਸਮੇਂ ਦੇ ਨਾਲ ਘਟਦੀ ਜਾਂਦੀ ਹੈ। ਜਿਹੜੇ ਲੋਨ ਫਿਕਸਡ ਰੇਟ 'ਤੇ ਲਏ ਜਾਂਦੇ ਹਨ, ਉਨ੍ਹਾਂ ਨੂੰ ਚੁਕਾਉਣ ਲਈ ਪ੍ਰੀਪੇਮੈਂਟ ਪੈਨਲਟੀ ਲੱਗ ਸਕਦੀ ਹੈ। ਇਸ ਲਈ ਜੇਕਰ ਕਾਰ ਲੋਨ ਲੈ ਰਹੇ ਹੋ ਤਾਂ ਘੱਟ ਪ੍ਰੀਪੇਮੈਂਟ ਚਾਰਜ ਵਾਲਾ ਲੋਨ ਹੀ ਲਉ।

ਲੋਨ ਦੀ ਰਕਮ

ਹਰੇਕ ਬੈਂਕ ਦਾ ਇਹ ਵੱਖਰਾ ਨਿਯਮ ਹੁੰਦਾ ਹੈ ਕਿ ਉਹ ਕਾਰ ਫਾਈਨਾਂਸ ਲਈ ਕਿੰਨਾ ਲੋਨ ਦੇਣਗੇ। ਇਕ ਕਰਜ਼ਦਾਰ ਵਜੋਂ ਤੁਸੀਂ ਵੱਧ ਤੋਂ ਵੱਧ ਡਾਊਨਪੇਮੈਂਟ ਕਰੋ। ਇਸ ਨਾਲ ਤੁਹਾਡੇ ਲੋਨ ਦੀ ਰਕਮ ਘਟ ਜਾਵੇਗੀ। ਤੁਸੀਂ ਆਪਣੇ ਐਮਰਜੈਂਸੀ ਫੰਡ ਜਾਂ ਲੰਬੇ ਸਮੇਂ ਦੇ ਨਿਵੇਸ਼ ਨੂੰ ਜ਼ਿਆਦਾ ਡਾਊਨਪੇਮੈਂਟ ਵਜੋਂ ਨਾ ਦਿਉ।

ਲੋਨ ਦੀ ਮਿਆਦ

ਕਈ ਬੈਂਕ 7 ਸਾਲ ਤਕ ਦਾ ਕਾਰ ਲੋਨ ਦਿੰਦੇ ਹਨ। ਜਿੰਨਾ ਲੰਬੇ ਸਮੇਂ ਦਾ ਲੋਨ ਹੋਵੇਗਾ ਓਨੀ ਜ਼ਿਆਦਾ ਵਿਆਜ ਦੀ ਮਾਰ ਪਵੇਗੀ। 

ਕ੍ਰੈਡਿਟ ਸਕੋਰ

ਤੁਹਾਡੇ ਕਾਰ ਲੋਨ ਨੂੰ ਮਨਜ਼ੂਰ ਕਰਦੇ ਸਮੇਂ ਬੈਂਕ ਸਭ ਤੋਂ ਪਹਿਲਾਂ ਤੁਹਾਡਾ ਕ੍ਰੈਡਿਟ ਸਕੋਰ ਦੇਖਦਾ ਹੈ। ਕਈ ਬੈਂਕ ਕ੍ਰੈਡਿਟ ਸਕੋਰ ਦੇ ਆਧਾਰ 'ਤੇ ਹੀ ਲੋਨ ਦੇ ਰਹੇ ਹਨ।  ਇਸ ਲਈ ਕਾਰ ਲੋਨ ਤੋਂ ਪਹਿਲਾਂ ਆਪਣਾ ਕ੍ਰੈਡਿਟ ਸਕੋਰ ਜ਼ਰੂਰ ਦੇਖ ਲਉ। ਜੇਕਰ ਸਕੋਰ ਘੱਟ ਹੈ ਜਾਂ ਕੋਈ ਗ਼ਲਤੀ ਹੈ ਤਾਂ ਲੋਨ ਦੀ ਅਰਜ਼ੀ ਦੇਣ ਤੋਂ ਪਹਿਲਾਂ ਇਸ ਨੂੰ ਸੁਧਾਰ ਲਉ। ਤੁਸੀਂ ਆਨਲਾਈਨ ਆਪਣਾ ਕ੍ਰੈਡਿਟ ਸਕੋਰ ਮੁਫ਼ਤ 'ਚ ਜਾਣ ਸਕਦੇ ਹੋ।