ਆਖਿਰ ਕਿਉਂ ਕੁਝ ਪੜ੍ਹੇ-ਲਿਖੇ ਲੋਕ ਅਪਾਹਜ ਲੋਕਾਂ ਨਾਲ ਅੱਜ ਵੀ ਕਰਦੇ ਹਨ ਵਿਤਕਰਾ

12/03/2023 1:55:48 AM

ਰੋਮ/ਇਟਲੀ (ਦਲਵੀਰ ਕੈਂਥ) : ਜਿਹੜੇ ਲੋਕ ਸਰੀਰਕ ਤੌਰ 'ਤੇ ਅਪਾਹਜ ਹਨ, ਉਨ੍ਹਾਂ ਨੂੰ ਸਮਾਜ ਵਿੱਚ ਹੱਕ, ਅਧਿਕਾਰ, ਸਨਮਾਨ ਤੇ ਸਤਿਕਾਰ ਮਿਲੇ। ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸੰਨ 1976 ਦੌਰਾਨ 3 ਦਸੰਬਰ ਨੂੰ ਅੰਤਰਰਾਸ਼ਟਰੀ ਤੌਰ 'ਤੇ ਅਪਾਹਜ ਲੋਕਾਂ ਦੇ  "ਇੰਟਰਨੈਸ਼ਨਲ ਡੇਅ ਆਫ਼ ਡਿਸੇਬਲਡ ਪਰਸਨ" ਵਜੋਂ ਐਲਾਨਿਆ, ਜਿਸ ਨੂੰ ਸੰਨ 1981 ਤੋਂ ਦੁਨੀਆ ਭਰ ਵਿੱਚ ਇਸ ਲਈ ਮਨਾਇਆ ਜਾਂਦਾ ਹੈ ਕਿ ਸਰੀਰਕ ਪੱਖੋਂ ਅਧੂਰੇ ਲੋਕਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਇਨ੍ਹਾਂ ਲੋਕਾਂ ਨੂੰ ਵੀ ਸਮਾਜ ਵਿੱਚ ਮਾਣ-ਸਤਿਕਾਰ ਨਾਲ ਜਿਊਣ ਦਿੱਤਾ ਜਾਵੇ।

ਯੂਰਪੀਅਨ ਦੇਸ਼ਾਂ ਵਿੱਚ ਕਰੀਬ 45 ਮਿਲੀਅਨ ਤੋਂ ਵੱਧ ਲੋਕ ਅਪਾਹਜ ਹਨ, ਜਿਨ੍ਹਾਂ 'ਚ ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਈਸਤਤ ਦੀ ਰਿਪੋਰਟ ਅਨੁਸਾਰ ਇਟਲੀ ਵਿੱਚ ਤਕਰੀਬਨ 3.2 ਮਿਲੀਅਨ ਤੋਂ ਵੱਧ ਲੋਕ ਅਪਾਹਜ ਹਨ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਘੱਟ ਹੈ। ਇਨ੍ਹਾਂ 65 ਸਾਲ ਤੋਂ ਘੱਟ ਅਪਾਹਜ ਲੋਕਾਂ 'ਚੋਂ ਲਗਭਗ ਅੱਧੇ ਕਿਸੇ ਵੀ ਤਰ੍ਹਾਂ ਦੀ ਜਨਤਕ ਸਹਾਇਤਾ ਨਹੀਂ ਲੈਂਦੇ ਅਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ 'ਤੇ ਹੀ ਨਿਰਭਰ ਰਹਿੰਦੇ ਹਨ। ਯੂਰਪ ਦੇ ਕਾਨੂੰਨੀ ਮਾਹਿਰ ਕਹਿੰਦੇ ਹਨ ਕਿ ਇਟਲੀ ਵਿੱਚ ਅਪਾਹਜਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਯੂਰਪ ਭਰ 'ਚੋਂ ਸਭ ਤੋਂ ਉੱਨਤ ਕਾਨੂੰਨ ਹੈ। ਇੱਥੇ ਅੰਗਹੀਣ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ 2015 ਤੋਂ ਵਿਸ਼ੇਸ਼ ਪਰੇਡ ਵੀ ਕਰਵਾਈ ਜਾਂਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਅੱਤਵਾਦੀ ਹਮਲਾ, ਯਾਤਰੀ ਬੱਸ 'ਤੇ ਤਾਬੜਤੋੜ ਫਾਇਰਿੰਗ 'ਚ 8 ਲੋਕਾਂ ਦੀ ਮੌਤ

3 ਦਸੰਬਰ ਨੂੰ ਪੂਰੀ ਦੁਨੀਆ 'ਚ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਅੰਦਾਜ਼ਨ ਇਕ ਬਿਲੀਅਨ ਤੋਂ ਵਧੇਰੇ ਲੋਕ ਯਾਨੀ ਦੁਨੀਆ ਦੀ ਆਬਾਦੀ ਦਾ 16% ਹਿੱਸਾ ਕਿਸੇ ਨਾ ਕਿਸੇ ਅੰਗ ਦੀ ਘਾਟ ਕਾਰਨ ਲੋਕ ਅਪਾਹਜ ਵਜੋਂ ਜ਼ਿੰਦਗੀ ਬਸਰ ਕਰਦੇ ਹਨ ਜਾਂ ਏਦਾਂ ਵੀ ਕਹਿ ਸਕਦੇ ਹਾਂ ਕਿ ਦੁਨੀਆ ਦੇ 6 ਲੋਕਾਂ ਮਗਰ ਇਕ ਅਪਾਹਜ ਵਿਅਕਤੀ ਹੈ। ਕਈ ਕੇਸਾਂ ਵਿੱਚ ਅਪਾਹਜ ਵਿਅਕਤੀ ਤੰਦਰੁਸਤ ਇਨਸਾਨ ਨਾਲੋਂ 20 ਸਾਲ ਪਹਿਲਾਂ ਹੀ ਦੁਨੀਆ ਨੂੰ ਇਸ ਲਈ ਅਲਵਿਦਾ ਕਹਿ ਦਿੰਦੇ ਹਨ ਕਿਉਂਕਿ ਉਹ ਡਿਪ੍ਰੈਸ਼ਨ, ਦਮਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਜਾਂ ਕਈ ਹੋਰ ਬਿਮਾਰੀਆਂ ਨਾਲ ਆਪਣੀ ਬਹੁਤੀ ਜ਼ਿੰਦਗੀ ਜੂਝ ਦੇ ਰਹਿੰਦੇ ਹਨ। ਸਰੀਰਕ ਪੱਖੋਂ ਅਪਾਹਜ ਲੋਕਾਂ ਨੂੰ ਅਨੇਕਾਂ ਸਿਹਤ ਅਸਮਾਨਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

3 ਦਸੰਬਰ ਨੂੰ ਦੁਨੀਆ ਭਰ ਵਿੱਚ ਮਨਾਏ ਜਾਂਦੇ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਦਾ ਮਕਸਦ ਅੰਗਹੀਣਾਂ ਵਿੱਚ ਜਿੱਥੇ ਜਾਗਰੂਕਤਾ ਪੈਦਾ ਕਰਨਾ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਚੇਤਨ ਕਰਨਾ ਹੈ ਕਿ ਅੰਗਹੀਣ ਵਿਅਕਤੀਆਂ ਪ੍ਰਤੀ ਆਪਣੀ ਸਭ ਨੂੰ ਸੋਚ ਬਦਲਣ ਦਾ ਅਹਿਮ ਜ਼ਰੂਰਤ ਹੈ ਪਰ ਅਫ਼ਸੋਸ 4 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੂਰੀ ਦੁਨੀਆ ਇਸ ਦਿਨ ਨੂੰ ਮਨਾਉਂਦੀ ਹੈ ਪਰ ਇਸ ਦੇ ਬਾਵਜੂਦ ਅਪਾਹਜ ਬਹੁਤੇ ਕੇਸਾਂ ਵਿੱਚ ਲੋਕਾਂ ਨੂੰ ਦਿਮਾਗੀ ਅਪਾਹਜ ਲੋਕ ਸਮਾਜ ਵਿੱਚ ਚੈਨ ਨਾਲ ਨਹੀਂ ਜਿਊਣ ਦਿੰਦੇ, ਜਿਸ ਦੀਆਂ ਪੂਰੀ ਦੁਨੀਆ ਵਿੱਚ ਅਣਗਿਣਤ ਉਦਾਹਰਣਾਂ ਹਨ। ਸਮਾਜ ਅੰਦਰ ਤੰਦਰੁਸਤ ਲੋਕਾਂ ਵੱਲੋਂ ਅਪਾਹਜ ਲੋਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ, ਇਹ ਸਮੁੱਚੀ ਮਨੁੱਖਤਾ ਲਈ ਵਿਚਾਰਯੋਗ ਮੁੱਦਾ ਹੈ।

ਇਹ ਵੀ ਪੜ੍ਹੋ : AI ਨੂੰ ਮਾਡਲ ਸਮਝ ਕੰਪਨੀ ਕਰ ਬੈਠੀ ਵੱਡੀ ਭੁੱਲ, ਹਰ ਮਹੀਨੇ ਦੇਣੀ ਪੈ ਰਹੀ ਲੱਖਾਂ ਰੁਪਏ ਸੈਲਰੀ

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਜਦੋਂ ਕੁਝ ਅਪਾਹਜ ਵਿਅਕਤੀਆਂ ਤੋਂ ਉਨ੍ਹਾਂ ਨੂੰ ਅੰਗਹੀਣਤਾ ਕਾਰਨ ਪੇਸ਼ ਆਉਂਦੀਆਂ ਗੰਭੀਰ ਮੁਸ਼ਕਿਲਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਬਹੁਤ ਹੀ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਓਨੀ ਤਕਲੀਫ਼ ਆਪਣੇ ਸਰੀਰ ਦੀ ਅੰਗਹੀਣਤਾ ਕਾਰਨ ਨਹੀਂ ਹੁੰਦੀ, ਜਿੰਨੀ ਤੰਦਰੁਸਤ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਬੁਰੇ ਵਿਵਹਾਰ ਕਾਰਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਰੱਬ ਨੇ ਉਨ੍ਹਾਂ ਦੇ ਸਰੀਰ ਵਿੱਚ ਕੋਈ ਨੁਕਸ ਪਾਇਆ ਹੈ ਪਰ ਉਹ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਚੰਗੀ ਪੜ੍ਹਾਈ ਕਰਕੇ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰ ਰਹੇ ਹਨ ਤੇ ਇਸ ਕਾਮਯਾਬੀ ਨੂੰ ਦੇਖਦਿਆਂ ਸਮਾਜ ਦੇ ਕੁਝ ਉਹ ਲੋਕ ਜਿਹੜੇ ਉਨ੍ਹਾਂ ਦੀ ਕਾਮਯਾਬੀ ਤੋਂ ਖੁਸ਼ ਨਹੀਂ ਉਹ ਮਾੜੇ ਵਿਵਹਾਰ ਨਾਲ ਆਪਣੀ ਨਰਾਜ਼ਗੀ ਪ੍ਰਗਟਾਉਂਦੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਦੁਰਵਿਵਹਾਰ ਕਰਨ ਵਾਲੇ ਕੋਈ ਅਨਪੜ੍ਹ ਨਹੀਂ ਸਗੋਂ ਇਨ੍ਹਾਂ ਵਿੱਚ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਵੀ ਹਨ।

ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਬਹੁਤ ਸਾਰੇ ਅਜਿਹੇ ਅਪਾਹਜ ਲੋਕ ਇਟਲੀ ਵਿੱਚ ਵੀ ਹਨ, ਜਿਹੜੇ ਕਿ ਮਜਬੂਰੀ ਵਿੱਚ ਉਨ੍ਹਾਂ ਲੋਕਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਹੜੇ ਕਿ ਮਾਨਸਿਕ ਤੌਰ 'ਤੇ ਅਪਾਹਜ ਹਨ। ਇਹ ਅਪਾਹਜ ਮਾਨਸਿਕਤਾ ਵਾਲੇ ਲੋਕ ਜਾਣਬੁੱਝ ਕੇ ਉਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਆਪਣੇ ਮਾੜੇ ਵਿਵਹਾਰ ਦੁਆਰਾ ਅਹਿਸਾਸ ਕਰਵਾਉਂਦੇ ਹਨ ਕਿ ਉਹ ਜਿੰਨੀ ਮਰਜ਼ੀ ਪੜ੍ਹਾਈ ਜਾਂ ਹੋਰ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰ ਲੈਣ ਪਰ ਉਨ੍ਹਾਂ ਦਾ ਸਰੀਰਕ ਤੌਰ 'ਤੇ ਮੁਕਾਬਲਾ ਨਹੀਂ ਕਰ ਸਕਦੇ। ਭਾਰਤ ਵਰਗੇ ਦੇਸ਼ ਵਿੱਚ ਅਜਿਹੇ ਅਪਾਹਜ ਮਾਨਸਿਕਤਾ ਵਾਲੇ ਲੋਕ ਆਮ ਦੇਖੇ ਜਾ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh