ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਹੱਥਾਂ ''ਚ ਪਹੁੰਚੀ ਸੱਤਾ: ਮਾਰਕ ਜ਼ੁਕਰਬਰਗ

10/18/2019 5:37:48 PM

ਸਾਨ ਫ੍ਰਾਂਸਿਸਕੋ— ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੇ ਪਲੇਟਫਾਰਮ ਨੂੰ ਦੁਨੀਆ ਦਾ ਪੰਜਵਾਂ ਥੰਮ ਦੱਸਿਆ ਹੈ। ਵਾਸ਼ਿੰਗਟਨ ਡੀਸੀ ਸਥਿਤ ਜਾਰਜ ਟਾਊਨ ਯੂਨੀਵਰਸਿਟੀ 'ਚ ਵੀਰਵਾਰ ਨੂੰ ਆਪਣੇ ਸੰਬੋਧਨ 'ਚ ਜ਼ੁਕਰਬਰਗ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਲੋਕ ਆਪਣੀ ਗੱਲ ਹੋਰਾਂ ਤੱਕ ਪਹੁੰਚਾਉਣ 'ਚ ਸਫਲ ਰਹੇ ਹਨ। ਉਨ੍ਹਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕਿਸੇ ਹੋਰ ਬਦਲ ਦੀ ਲੋੜ ਨਹੀਂ ਹੈ। ਉਹ ਸਿੱਧੇ ਹੀ ਆਪਣੀ ਗੱਲ ਕਹਿ ਸਕਦੇ ਹਨ। ਜ਼ੁਕਰਬਰਗ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਨੇ ਸੱਤਾ ਦਾ ਵਿਕੇਂਦਰੀਕਰਨ ਕਰਕੇ ਉਸ ਨੂੰ ਸਿੱਧਾ ਲੋਕਾਂ ਦੇ ਹੱਥਾਂ 'ਚ ਸੌਂਪ ਦਿੱਤਾ ਹੈ।

ਬੀਤੇ ਕੁਝ ਸਮੇਂ 'ਚ ਯੂਜ਼ਰਸ ਦੀ ਪ੍ਰਾਈਵੇਸੀ ਸੁਰੱਖਿਅਤ ਰੱਖਣ 'ਚ ਅਸਫਲ ਰਹਿਣ, ਡਾਟਾ ਚੋਰੀ ਤੇ ਸਹੀ ਮੁਕਾਬਲੇ ਵਿਰੋਧੀ ਕੋਸ਼ਿਸ਼ਾਂ ਦੇ ਕਾਰਨ ਫੇਸਬੁੱਕ ਸਣੇ ਹੋਰਾਂ ਸੋਸ਼ਲ ਮੀਡੀਆ ਪਲੇਟਫਾਰਮ ਸਰਕਾਰ ਤੇ ਨੇਤਾਵਾਂ ਦੇ ਨਿਸ਼ਾਨੇ 'ਤੇ ਰਹੇ ਹਨ। ਅਜਿਹੇ 'ਚ ਜ਼ੁਕਰਬਰਗ ਦੇ ਇਸ ਬਿਆਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਅਧਿਕਾਰ ਵਿਚਾਰ ਰੱਖਣ ਦੀ ਸੁਤੰਤਰਤਾ ਨਾਲ ਨਵਾਜ਼ਿਆ ਹੈ।

ਅੱਜ ਸੋਸ਼ਲ ਮੀਡਆ ਸਮਾਜ ਦੇ ਪੰਜਵੇਂ ਥੰਮ ਦੀ ਮਜ਼ਬੂਤੀ ਨਾਲ ਖੜ੍ਹਾ ਹੈ। ਸਿਆਸੀ ਵਿਗਿਆਪਣਾਂ ਦੀ ਜਾਂਚ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਿਆਸੀ ਵਿਗਿਆਪਣਾਂ ਦੇ ਤੱਥਾਂ ਦੀ ਜਾਂਚ ਨਹੀਂ ਕਰਦੇ। ਅਜਿਹਾ ਨੇਤਾਵਾਂ ਦੀ ਮਦਦ ਲਈ ਨਹੀਂ ਕੀਤਾ ਜਾਂਦਾ। ਅਸੀਂ ਸਿਰਫ ਲੋਕਾਂ ਤੱਕ ਨੇਤਾਵਾਂ ਦੀ ਗੱਲ ਪਹੁੰਚਾਉਂਦੇ ਹਾਂ ਤਾਂ ਕਿ ਉਹ ਖੁਦ ਫੈਸਲਾ ਲੈ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਹਰਾਇਆ ਕਿ ਕਿਸੇ ਨੂੰ ਵੀ ਅਜਿਹੇ ਕੰਟੈਂਟ ਪ੍ਰਸਾਰਿਤ ਕਰਨ ਦੀ ਆਗਿਆ ਨਹੀਂ ਹੈ, ਜਿਸ ਨਾਲ ਹਿੰਸਾ ਫੈਲੇ।

Baljit Singh

This news is Content Editor Baljit Singh