ਜ਼ਿੰੰਬਾਬਵੇ ਦੇ ਉੱਪ ਰਾਸ਼ਟਰਪਤੀ ਨੇ ਮੁਗਾਬੇ ਨੂੰ ਕਿਹਾ- ਅਸਤੀਫਾ ਦਿਓ

11/21/2017 5:52:54 PM

ਹਰਾਰੇ (ਭਾਸ਼ਾ)— ਜ਼ਿੰੰਬਾਬਵੇ ਦੇ ਅਹੁਦੇ ਤੋਂ ਹਟਾਏ ਗਏ ਉੱਪ ਰਾਸ਼ਟਰਪਤੀ ਐਮਸਰਨ ਮਨਨਗਾਗਵਾ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਅਤੇ ਅਹੁਦੇ ਤੋਂ ਹਟ ਜਾਣ। ਉਨ੍ਹਾਂ ਨੇ ਕਿਹਾ ਕਿ ਉਹ ਤਾਂ ਹੀ ਘਰ ਵਾਪਸੀ ਕਰਨਗੇ, ਜਦੋਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਭਰੋਸਾ ਮਿਲੇਗਾ। ਮਨਨਗਾਗਵਾ ਨੇ ਬਿਆਨ ਜਾਰੀ ਕਰ ਕੇ ਕਿਹਾ, ''ਜ਼ਿੰਬਾਬਵੇ ਦੇ ਲੋਕਾਂ ਨੇ ਇਕ ਸੂਰ ਵਿਚ ਕਿਹਾ ਹੈ ਅਤੇ ਰਾਸ਼ਟਰਪਤੀ ਮੁਗਾਬੇ ਨੂੰ ਮੇਰੀ ਵੀ ਅਪੀਲ ਹੈ ਕਿ ਉਹ ਜ਼ਿੰਬਾਬਵੇ ਦੇ ਲੋਕਾਂ ਦੀ ਅਪੀਲ 'ਤੇ ਧਿਆਨ ਦੇਣ ਅਤੇ ਅਸਤੀਫਾ ਦੇ ਦੇਣ, ਤਾਂ ਕਿ ਦੇਸ਼ ਅੱਗੇ ਵਧ ਸਕੇ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਸਕੇ।''
ਇਥੇ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਮੁਗਾਬੇ ਨੇ ਮਨਨਗਾਗਵਾ ਨੂੰ ਬਰਖਾਸਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਜ਼ਿੰਬਾਬਵੇ ਛੱਡ ਕੇ ਚਲੇ ਗਏ ਸਨ। ਮਨਨਗਾਗਵਾ ਨੇ ਦੱਸਿਆ ਕਿ ਦੇਸ਼ ਪਰਤਣ ਦੇ ਮੁਗਾਬੇ ਦੇ ਸੱਦੇ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ, ਜਿਨ੍ਹਾਂ ਨੇ ਮੌਜੂਦਾ ਰਾਜਨੀਤੀ ਸਥਿਤੀ 'ਤੇ ਚਰਚਾ ਲਈ ਉਨ੍ਹਾਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਮੈਂ ਉਦੋਂ ਤੱਕ ਦੇਸ਼ ਨਹੀਂ ਪਰਤਾਂਗੇ, ਜਦੋਂ ਤੱਕ ਆਪਣੀ ਨਿੱਜੀ ਸੁਰੱਖਿਆ ਨੂੰ ਲੈ ਕੇ ਭਰੋਸੇਮੰਦ ਨਹੀਂ ਹੋ ਜਾਂਦਾ, ਕਿਉਂਕਿ ਜਿਸ ਤਰੀਕੇ ਨਾਲ ਮੈਨੂੰ ਅਹੁਦੇ ਤੋਂ ਹਟਾਇਆ ਗਿਆ, ਉਹ ਚਿੰਤਾ ਦਾ ਵਿਸ਼ਾ ਹੈ।