ਪਾਕਿ 'ਚ 'ਜੈਨਬ' ਦੀ ਮੌਤ ਨੇ ਹਰ ਨੂੰ ਇਕ ਨੂੰ ਝੰਜੋੜਿਆ, ਪੁਲਸ ਦੇ ਹੱਥ ਅਜੇ ਵੀ ਖਾਲੀ

01/15/2018 2:33:13 PM

ਲਾਹੌਰ— ਪਾਕਿਸਤਾਨ 'ਚ 7 ਸਾਲਾਂ ਬੱਚੀ ਜ਼ੈਨਬ ਨਾਲ ਬਲਾਤਕਾਰ ਮਗਰੋਂ ਉਸ ਦਾ ਕਤਲ ਕਰ ਦੇਣ ਦੇ ਮਾਮਲੇ 'ਚ ਅਜੇ ਵੀ ਪਾਕਿਸਤਾਨ ਦੀ ਪੁਲਸ ਦੇ ਹੱਥ ਖਾਲੀ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲੇ ਵਿਚ ਪਿਛਲੇ ਹਫਤੇ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ। ਜ਼ੈਨਬ ਦੀ ਲਾਸ਼ ਕੂੜੇ ਦੇ ਢੇਰ 'ਚੋਂ ਬਰਾਮਦ ਕੀਤੀ ਗਈ ਸੀ। ਜ਼ੈਨਬ ਦੀ ਲਾਸ਼ ਬਰਾਮਦ ਹੋਣ ਦੇ 5 ਦਿਨਾਂ ਬਾਅਦ ਦੋਸ਼ੀ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਇਲਾਵਾ ਪੁਲਸ ਨੂੰ ਹੁਣ ਤੱਕ ਕੋਈ ਵੱਡੀ ਸਫਲਤਾ ਨਹੀਂ ਮਿਲੀ ਹੈ। 
ਜ਼ੈਨਬ ਨਾਲ ਅਜਿਹੀ ਦਰਿੰਦਗੀ ਤੋਂ ਬਾਅਦ ਦੇਸ਼ ਭਰ ਵਿਚ ਲੋਕਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਬੱਚੀ ਲਈ ਇਨਸਾਫ ਦੀ ਮੰਗ ਕੀਤੀ ਹੈ। ਪੰਜਾਬ ਪੁਲਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਸੰਯੁਕਤ ਜਾਂਚ ਟੀਮ (ਜੇ. ਆਈ. ਟੀ.) ਬਣਾਈ ਗਈ ਹੈ। ਪੁਲਸ ਨੇ ਇਸ ਕੇਸ 'ਚ ਹੁਣ ਤੱਕ ਕੋਈ ਸਫਲਤਾ ਨਾ ਮਿਲਣ ਦੀ ਗੱਲ ਸਵੀਕਾਰ ਕੀਤੀ ਹੈ। ਇੱਥੇ ਦੱਸ ਦੇਈਏ ਕਿ ਦੋ ਸਾਲਾਂ 'ਚ ਪਾਕਿਸਤਾਨ ਦੇ ਕਸੂਰ 'ਚ ਇਸ ਤਰ੍ਹਾਂ ਦਾ ਇਹ 12ਵਾਂ ਮਾਮਲਾ ਦਰਜ ਕੀਤਾ ਗਿਆ ਹੈ। 
ਦੱਸਣਯੋਗ ਹੈ ਕਿ 4 ਜਨਵਰੀ ਨੂੰ ਪਾਕਿਸਤਾਨ ਦੇ ਕਸੂਰ ਤੋਂ 7 ਸਾਲਾਂ ਬੱਚੀ ਜ਼ੈਨਬ ਅਨਸੀ ਕੁਰਾਨ ਦੀ ਜਮਾਤ ਲਈ ਜਾਂਦੇ ਸਮੇਂ ਰਸਤੇ 'ਚੋਂ ਗਾਇਬ ਹੋ ਗਈ ਸੀ, ਉਸ ਦੇ ਕੁਝ ਦਿਨ ਬਾਅਦ ਜ਼ੈਨਬ ਦੀ ਲਾਸ਼ ਕੂੜੇ ਦੇ ਢੇਰ 'ਚੋਂ ਮਿਲੀ। ਇਸ ਘਟਨਾ ਨੇ ਪੂਰੇ ਕਸੂਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸ਼ਹਿਰ ਵਿਚ ਲੋਕ ਭੜਕ ਗਏ। ਮਾਸੂਮ ਜ਼ੈਨਬ ਨੂੰ ਆਖਰੀ ਵਾਰ ਇਕ ਸੀ. ਸੀ. ਟੀ. ਵੀ. ਫੁਟੇਜ਼ 'ਚ ਅਣਪਛਾਤੇ ਵਿਅਕਤੀ ਦਾ ਹੱਥ ਫੜ ਕੇ ਜਾਂਦੇ ਹੋਏ ਦੇਖਿਆ ਗਿਆ। ਜਦੋਂ ਬੱਚੀ ਨਾਲ ਅਜਿਹਾ ਹਾਦਸਾ ਹੋਇਆ, ਉਸ ਸਮੇਂ ਬੱਚੀ ਦੇ ਮਾਤਾ-ਪਿਤਾ ਸਾਊਦੀ ਅਰਬ ਵਿਚ ਸਨ।