ਆਸਟ੍ਰੇਲੀਆ ''ਚ ਨਵਾਂ ਸਾਲ ਮਨਾਉਣ ਗਏ ਵਿਅਕਤੀ ''ਤੇ ਹੋਇਆ ਹਮਲਾ, ਮੌਤ

01/02/2018 3:17:24 PM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਨਵੇਂ ਸਾਲ ਦੀ ਸ਼ਾਮ 31 ਸਾਲਾ ਹੈਡਨ ਬੂਚਰ 'ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦਾ ਸਿਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਸੋਮਵਾਰ ਦੀ ਦੁਪਹਿਰ ਨੂੰ ਲੇਕਸ ਹੋਟਲ 'ਚ ਉਹ ਨਵਾਂ ਸਾਲ ਮਨਾਉਣ ਗਏ ਸਨ, ਹੋਟਲ ਦੇ ਬਾਹਰ ਉਨ੍ਹਾਂ 'ਤੇ ਹਮਲਾ ਹੋਇਆ।
ਹੈਡਨ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਮੰਗਲਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ ਜਾਰਜ ਜੋਸੇਫ ਹਬਕੋਕ ਨਾਂ ਦੇ 49 ਸਾਲਾ ਵਿਅਕਤੀ ਨੂੰ ਉਸ ਦੇ ਘਰ 'ਚੋਂ ਗ੍ਰਿਫਤਾਰ ਕੀਤਾ। ਹਬਕੋਕ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਅਤੇ ਉਸ ਦੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ।
ਹਬਕੋਕ ਨੂੰ ਵਾਈਓਂਗ ਸਥਾਨਕ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ ਉਸ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ। 8 ਜਨਵਰੀ ਨੂੰ ਹਬਕੋਕ ਨੂੰ ਮੁੜ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਹਬਕੋਕ ਨੇ ਹੈਡਨ ਦੇ ਚਿਹਰੇ 'ਤੇ ਮੁੱਕੇ ਮਾਰੇ ਸਨ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਏ ਅਤੇ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਹੈਡਨ ਦੀ ਮੌਤ ਦੀ ਖਬਰ ਮਿਲਦੇ ਹੀ ਉਸ ਦੇ ਦੋਸਤਾਂ ਨੇ ਫੇਸਬੁੱਕ 'ਤੇ ਤਸਵੀਰ ਪੋਸਟ ਕਰਦਿਆਂ ਲਿਖਿਆ ਕਿ ਅਸੀਂ ਹੈਡਨ ਨੂੰ ਪਿਆਰ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਹੈਡਨ ਇਕ ਪਿਤਾ ਸੀ ਅਤੇ ਮਿਹਨਤੀ ਤੇ ਸਹਿਯੋਗੀ ਸੀ। ਖਾਸ ਕਰ ਕੇ ਬਾਅਦ ਵਿਚ ਜਦੋਂ ਉਹ ਪਿਤਾ ਬਣ ਗਿਆ ਤਾਂ ਉਹ ਪੂਰੀ ਤਰ੍ਹਾਂ ਨਾਲ ਬਦਲ ਗਿਆ।