ਯੋਗਾ ਵੀ ਬਣ ਸਕਦਾ ਹੈ ਸੱਟ ਦਾ ਕਾਰਨ : ਅਧਿਐਨ

04/10/2018 4:01:10 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਵਿਚ ਕੀਤੇ ਗਏ ਇਕ ਅਧਿਐਨ ਵਿਚ ਯੋਗਾ ਸੰਬੰਧੀ ਗੰਭੀਰ ਸੱਟਾਂ ਦੇ ਸ਼ਿਕਾਰ ਵਿਅਕਤੀਆਂ ਦੀ ਗਿਣਤੀ ਵੱਧਣ ਦਾ ਦਾਅਵਾ ਕਰਦਿਆਂ ਲੋਕਾਂ ਨੂੰ ਯੋਗਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਸਾਲ 2009 ਤੋਂ ਸਾਲ 2016 ਦੌਰਾਨ ਵਿਕਟੋਰੀਆ ਵਿਚ ਐਮਰਜੈਂਸੀ ਵਿਭਾਗਾਂ ਵਿਚ ਪੇਸ਼ ਕੀਤੇ ਗਏ ਯੋਗਾ ਸੰਬਧੀ ਸੱਟਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਖੋਜ ਕਰਤਾਵਾਂ ਨੇ ਦੇਖਿਆ ਕਿ ਇਸ ਮਿਆਦ ਵਿਚ ਯੋਗਾ ਸੰੰਬੰਧੀ ਗੰਭੀਰ ਸੱਟਾਂ ਦੇ ਮਾਮਲਿਆਂ ਵਿਚ 80 ਫੀਸਦੀ ਵਾਧਾ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਮਿਆਦ ਵਿਚ ਯੋਗਾ ਕਰਨ ਵਾਲਿਆਂ ਦੀ ਦਰ ਵਿਚ ਸਿਰਫ 5.5 ਫੀਸਦੀ ਦਾ ਵਾਧਾ ਹੋਇਆ, ਜਿਸ ਨਾਲ ਇਸ ਨੂੰ ਗੰਭੀਰ ਸੱਟਾਂ ਨਾਲ ਨਹੀਂ ਜੋੜਿਆ ਜਾ ਸਕਦਾ। ਸੈਂਟਰਲ ਕੁਈਨਜ਼ਲੈਂਜ ਯੂਨੀਵਰਸਿਟੀ ਦੇ ਬੇਟਲ ਸੇਕੰਡਾਈਜ਼ ਨੇ ਦੱਸਿਆ,''ਮੇਰੇ ਵਿਚਾਰ ਨਾਲ ਲੋਕ ਸਹੀ ਤਕਨੀਕ ਜਾਣਦੇ ਹਨ ਪਰ ਉਹ ਥੋੜ੍ਹੀ ਜਲਦਬਾਜ਼ੀ ਕਰ ਜਾਂਦੇ ਹਨ।'' 
ਇਕ ਨਿਊਜ਼ ਏਜੰਸੀ ਮੁਤਾਬਕ ਸੈਕੰਡਾਈਜ਼ ਨੇ ਇਹ ਹਵਾਲਾ ਦਿੱਤਾ ਹੈ ਕਿ ਯੋਗਾ ਲਈ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਤਸਵੀਰਾਂ 'ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਲੋਕ ਸ਼ਾਇਦ ਪੂਰੀ ਤਿਆਰੀ ਕੀਤੇ ਬਿਨ ਹੀ ਯੋਗਾ ਦੀਆਂ ਮੁਦਰਾਵਾਂ ਕਰਨ ਲੱਗਦੇ ਹਨ।'' ਅਧਿਐਨ ਵਿਚ ਯੋਗਾ ਸੰਬੰਧੀ ਸੱਟਾਂ ਦੇ 66 ਦਰਜ ਮਾਮਲੇ ਪਾਏ ਗਏ। ਇਨ੍ਹਾਂ ਵਿਚੋਂ 10 ਫੀਸਦੀ ਮਾਮਲਿਆਂ ਵਿਚ ਸੱਟਾਂ ਗੰਭੀਰ ਸਨ। ਖੋਜ ਕਰਤਾਵਾਂ ਮੁਤਾਬਕ ਅਜਿਹੀਆਂ ਸੱਟਾਂ ਦੀਆਂ ਸ਼ਿਕਾਰ ਜ਼ਿਆਦਾਤਰ ਔਰਤਾਂ ਦੀ ਉਮਰ 20 ਸਾਲ ਤੋਂ 39 ਸਾਲ ਦੇ ਵਿਚਕਾਰ ਸੀ। ਸੈਕੰਡਾਈਜ਼ ਨੇ ਕਿਹਾ,''ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਸਾਨੂੰ ਯੋਗਾ ਕਰਨਾ ਬੰਦ ਕਰ ਦੇਣਾ ਚਾਹੀਦ ਹੈ। ਸਾਨੂੰ ਇਹ ਦੇਖਣਾ ਚਾਹੀਦਾ ਹੈ ਕੀ ਗਲਤ ਹੋ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਫਿੱਟਨੈਸ ਸੰਬੰਧੀ ਕੋਈ ਵੀ ਕਸਰਤ, ਖਾਸ ਕਰ ਕੇ ਯੋਗਾ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੂੰ ਇਹ ਵੀ ਯਕੀਨੀ ਕਰਨਾ ਚਾਹੀਦਾ ਹੈ ਕਿ ਆਲੇ-ਦੁਆਲੇ ਕੋਈ ਫਰਨੀਚਰ ਜਾਂ ਉਪਕਰਣ ਨਾ ਹੋਵੇ। ਇਸ ਅਧਿਐਨ ਨੂੰ ਵੱਖ-ਵੱਖ ਸੰਮੇਲਨਾਂ ਵਿਚ ਪੇਸ਼ ਕੀਤਾ ਜਾ ਚੁੱਕਾ ਹੈ।