Bye-Bye 2019 : ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰੀ 15 ਤੋਂ ਵਧੇਰੇ ਦੇਸ਼ਾਂ ਦੀ ਜਨਤਾ

12/30/2019 3:10:27 PM

ਹਾਂਗਕਾਂਗ- ਦੁਨੀਆ ਭਰ 'ਚ 2019 ਨੂੰ ਦਹਾਕੇ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਦਾ ਸਾਲ ਕਿਹਾ ਜਾ ਰਿਹਾ ਹੈ। 2011-12 'ਚ ਅਰਬ ਸਪਰਿੰਗ (ਅਰਬ ਦੇਸ਼ਾਂ 'ਚ ਪ੍ਰਦਰਸ਼ਨ ਦੇ ਦੌਰ) ਮਗਰੋਂ 2019 ਨੂੰ ਪਹਿਲਾ ਅਜਿਹਾ ਸਾਲ ਕਿਹਾ ਜਾ ਸਕਦਾ ਹੈ ਜਦ ਇਕ ਦੇ ਬਾਅਦ ਇਕ 15 ਤੋਂ ਵਧੇਰੇ ਦੇਸ਼ਾਂ ਦੀ ਜਨਤਾ ਸਰਕਾਰ ਵਿਰੁੱਧ ਸੜਕਾਂ 'ਤੇ ਉੱਤਰੀ। ਸਭ ਦੇਸ਼ਾਂ ਦੇ ਮੁੱਦੇ ਵੱਖਰੇ ਸਨ।

ਸਾਲ 2018 'ਚ ਸ਼ੁਰੂ ਹੋਏ ਕਈ ਪ੍ਰਦਰਸ਼ਨਾਂ ਨੇ 2019 'ਚ ਅਜਿਹੀ ਰਫਤਾਰ ਫੜੀ ਕਿ ਮਾਮਲਾ ਦੇਸ਼ ਦੀਆਂ ਸਰਕਾਰਾਂ ਦੇ ਹੱਥੋਂ ਬਾਹਰ ਹੋ ਗਿਆ। ਵਾਸ਼ਿੰਗਟਨ ਪੋਸਟ ਨੇ ਤਾਂ ਸਾਲ 2019 ਨੂੰ 'ਯੀਅਰ ਆਫ ਸਟ੍ਰੀਟ ਪ੍ਰੋਟੈਸਟ' ਕਿਹਾ ਹੈ। ਫਰਾਂਸ ਦੀ ਯੂਨੀਵਰਸਿਟੀ ਮੁਤਾਬਕ 2019 'ਚ ਵਧੇਰੇ ਪ੍ਰਦਰਸ਼ਨ ਇਕ-ਦੂਜੇ ਨਾਲ ਜੁੜੇ ਰਹੇ।  1820 'ਚ 5 ਦੇਸ਼, 1848 'ਚ 18 ਦੇਸ਼, 1989 'ਚ 15 ਦੇਸ਼ ਅਤੇ 2011 'ਚ 18 ਦੇਸ਼ਾਂ ਨੇ ਪ੍ਰਦਰਸ਼ਨ ਕੀਤੇ ਸਨ। ਇਨ੍ਹਾਂ 'ਚੋਂ 5 ਦੇਸ਼ਾਂ 'ਚ ਰਾਸ਼ਟਰ ਮੁਖੀਆਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਤਕ ਦੇਣਾ ਪਿਆ।
 

ਵਿਰੋਧ ਪ੍ਰਦਰਸ਼ਨ ਦਾ ਕਾਰਨ ਬਣੇ ਇਹ ਮੁੱਦੇ—
ਫਰਾਂਸ 'ਚ ਪੈਟਰੋਲੀਅਮ ਉਤਪਾਦਾਂ 'ਤੇ ਟੈਕਸ ਵਧਾਉਣ ਨੂੰ ਲੈ ਕੇ ਨਵੰਬਰ 2018 ਨੂੰ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਪਰ 2019 'ਚ ਇਸ ਨੇ ਵੱਡਾ ਰੂਪ ਲੈ ਲਿਆ ਤੇ ਸੜਕਾਂ 'ਤੇ ਕਿਸਾਨਾਂ ਨੇ ਟਰੈਕਟਰ ਲਗਾ ਕੇ ਆਵਾਜਾਈ ਰੋਕ ਦਿੱਤੀ ਸੀ। ਲੱਖਾਂ ਲੋਕ ਯੈਲੋ ਵੈੱਸਟ ਪਾ ਕੇ ਸੜਕਾਂ 'ਤੇ ਉੱਤਰੇ । ਲਗਭਗ 3 ਲੱਖ ਲੋਕਾਂ ਨੇ ਦੇਸ਼ ਭਰ 'ਚ ਵਿਰੋਧ ਕੀਤਾ ਸੀ।

ਸੂਡਾਨ 'ਚ ਦਸੰਬਰ 2018 'ਚ ਪ੍ਰਦਰਸ਼ਨ ਸ਼ੁਰੂ ਹੋਇਆ ਤੇ 4 ਮਹੀਨਿਆਂ ਤਕ ਚੱਲੇ ਪ੍ਰਦਰਸ਼ਨ ਮਗਰੋਂ ਫੌਜ ਨੇ 30 ਸਾਲ ਤੋਂ ਦੇਸ਼ 'ਤੇ ਰਾਜ ਕਰ ਰਹੇ ਰਾਸ਼ਟਰਪਤੀ ਓਮਾਰ ਅਲ ਬਸ਼ੀਰ ਦਾ ਤਖਤਾ ਪਲਟ ਦਿੱਤਾ। ਜੂਨ 2019 'ਚ ਖਰਤੂਮ ਕਤਲੇਆਮ 'ਚ 128 ਪ੍ਰਦਰਸ਼ਨਕਾਰੀ ਮਾਰੇ ਗਏ ਤੇ ਫਿਰ ਢਾਈ ਲੱਖ ਲੋਕ ਸੜਕਾਂ 'ਤੇ ਉੱਤਰ ਗਏ ਤੇ ਇੱਥੇ ਅਜੇ ਵੀ ਪ੍ਰਦਰਸ਼ਨ ਜਾਰੀ ਹਨ।

ਅਲਜੀਰੀਆ 'ਚ ਪ੍ਰਦਰਸ਼ਨ ਕਾਰਨ ਰਾਸ਼ਟਰਪਤੀ ਅਬਦੇਲਅਜੀਜ ਬੂਟੇਫਲੀਕਾ ਨੂੰ ਅਸਤੀਫਾ ਦੇਣਾ ਪਿਆ। ਇੱਥੇ ਤਕਰੀਬਨ 30 ਲੱਖ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਹਾਂਗਕਾਂਗ 'ਚ ਇਸ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਦੇਸ਼ 'ਚ ਇਸ ਗੱਲ ਨੂੰ ਲੈ ਕੇ ਵਿਰੋਧ ਹੈ ਕਿਉਂਕਿ ਹਾਂਗਕਾਂਗ ਸਰਕਾਰ ਨੇ ਚੀਨ ਦੇ ਦਬਾਅ 'ਚ ਹਵਾਲਗੀ ਬਿੱਲ ਪੇਸ਼ ਕੀਤਾ ਸੀ, ਜਿਸ ਤਹਿਤ ਫੜੇ ਗਏ ਅਪਰਾਧੀਆਂ ਨੂੰ ਜਾਂਚ ਲਈ ਚੀਨ ਹਵਾਲੇ ਕੀਤਾ ਜਾਣਾ ਸੀ। ਇੱਥੇ 10 ਲੱਖ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਇਰਾਕ 'ਚ ਲੰਬੇ ਸਮੇਂ ਤੋਂ ਜਾਰੀ ਭ੍ਰਿਸ਼ਟਾਚਾਰ ਤੇ ਰਾਜਨੀਤੀ 'ਚ ਗੁਆਂਢੀ ਦੇਸ਼ ਈਰਾਨ ਦੀ ਦਖਲ ਅੰਦਾਜ਼ੀ ਖਿਲਾਫ ਅਕਤੂਬਰ 2019 ਨੂੰ ਪਹਿਲੀ ਵਾਰ ਪ੍ਰਦਰਸ਼ਨ ਹੋਇਆ। ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਕਾਰਨ 350 ਲੋਕ ਮਾਰੇ ਗਏ ਤੇ 1000 ਤੋਂ ਵਧੇਰੇ ਜ਼ਖਮੀ ਹਨ। ਇਸੇ ਕਾਰਨ ਇੱਥੋਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਅਸਤੀਫਾ ਦੇ ਚੁੱਕੇ ਹਨ।

ਚਿੱਲੀ 'ਚ ਮੈਟਰੋ ਦੇ ਕਿਰਾਏ 'ਚ ਵਾਧੇ ਕਾਰਨ ਲੋਕ ਪ੍ਰਦਰਸ਼ਨ ਕਰ ਰਹੇ ਹਨ ਤੇ ਕਈ ਥਾਵਾਂ 'ਤੇ ਮੈਟਰੋ ਸਟੇਸ਼ਨਾਂ ਨੂੰ ਵੀ ਤੋੜਿਆ ਦਾ ਰਿਹਾ ਹੈ।

ਈਰਾਨ 'ਚ ਤੇਲ ਟੈਕਸ, ਇਟਲੀ 'ਚ ਨੇਤਾ ਮੈਟਿਓ ਸਾਲਵੀਨੀ ਦੇ ਵਿਰੋਧ 'ਚ , ਚੈੱਕ ਰੀਪਬਲਿਕ 'ਚ ਪੀ. ਐੱਮ. ਦੇ ਨਿੱਜੀ ਬਿਜ਼ਨੈੱਸ, ਕੋਲੰਬੀਆ 'ਚ ਸਰਕਾਰ ਦੀ ਭ੍ਰਿਸ਼ਟਾਚਾਰੀ ਵਿਰੁੱਧ, ਲੈਬਨਾਨ 'ਚ ਗੈਰ-ਰਾਜਨੀਤਕ ਲੋਕਾਂ ਦੀ ਸਰਕਾਰ ਬਣਾਉਣ ਦੀ ਮੰਗ, ਸਪੇਨ-ਕੈਟੇਲੋਨੀਆ 'ਚ ਆਜ਼ਾਦੀ ਪ੍ਰਦਰਸ਼ਨ, ਬੋਲਵੀਆ ਦੀਆਂ ਚੋਣਾਂ 'ਚ ਭ੍ਰਿਸ਼ਟਾਚਾਰ, ਮਿਸਰ 'ਚ ਰਾਸ਼ਟਰਪਤੀ ਅਲ-ਸੀਸੀ ਵਿਰੁੱਧ ਪ੍ਰਦਰਸ਼ਨ ਅਤੇ ਰੂਸ 'ਚ ਵਿਰੋਧੀ ਦਲ ਨੂੰ ਦਬਾਉਣ ਦੇ ਵਿਰੋਧ 'ਚ ਪ੍ਰਦਰਸ਼ਨ ਸ਼ੁਰੂ ਹੋਏ ਤੇ ਕਈ ਦੇਸ਼ਾਂ 'ਚ ਅਜੇ ਵੀ ਇਹ ਪ੍ਰਦਰਸ਼ਨ ਜਾਰੀ ਹਨ।