ਭਾਰਤ ਵਿਚ ਬੱਚਿਆਂ ਵਿਚ ਮਿਰਗੀ ਦੇ ਦੌਰੇ ਨੂੰ ਰੋਕਣ ਲਈ ਦੁਨੀਆ ਦਾ ਸਭ ਤੋਂ ਵੱਡਾ ਅਧਿਐਨ ਸ਼ੁਰੂ

11/21/2019 2:03:35 PM

ਲੰਡਨ- ਬ੍ਰਿਟੇਨ ਤੇ ਭਾਰਤੀ ਯੂਨੀਵਰਸਿਟੀਆਂ ਦੇ ਮਾਹਰਾਂ ਨੇ ਭਾਰਤ ਵਿਚ ਦਿਮਾਗੀ ਸੱਟਾਂ ਨਾਲ ਪੀੜਤ ਬੱਚਿਆਂ 'ਤੇ ਦੁਨੀਆ ਦਾ ਸਭ ਤੋਂ ਵੱਡਾ ਅਧਿਐਨ ਸ਼ੁਰੂ ਕੀਤਾ ਹੈ। ਇਸ ਅਧਿਐਨ ਦਾ ਟੀਚਾ ਮਿਰਗੀ ਜਿਹੀਆਂ ਬੀਮਾਰੀਆਂ ਦੀ ਰੋਕਥਾਮ ਵਿਚ ਮਦਦ ਕਰਨਾ ਹੈ। ਇੰਪੀਰੀਅਲ ਕਾਲਜ ਲੰਡਨ ਵਿਚ ਨਵਜੰਮੇ ਬੱਚਿਆਂ ਵਿਚ ਦਿਮਾਗੀ ਵਿਕਾਰ ਨੂੰ ਘੱਟ ਕਰਕੇ ਮਿਰਗੀ ਦੌਰਿਆਂ ਦੀ ਰੋਕਥਾਮ 'ਤੇ ਖੋਜ ਦੀ ਅਗਵਾਈ ਕਰ ਰਿਹਾ ਹੈ। ਇਸ ਵਿਸ਼ੇ 'ਤੇ ਅਧਿਐਨ ਕਰਕੇ ਪ੍ਰੈਗਨੈਂਸੀ ਦੌਰਾਨ ਬੱਚਿਆਂ ਵਿਚ ਮਿਰਗੀ ਦੇ ਮਾਮਲਿਆਂ ਨੂੰ ਘੱਟ ਕਰਨਾ ਹੈ।

ਮਾਹਰਾਂ ਮੁਤਾਬਕ ਲੇਬਰ ਦੌਰਾਨ ਤੇ ਜਨਮ ਦੌਰਾਨ ਬੱਚਿਆਂ ਦੇ ਦਿਮਾਗ 'ਤੇ ਸੱਟ ਲੱਗਣਾ ਦੁਨੀਆ ਦੇ ਕੁਝ ਖੇਤਰਾਂ ਦੇ ਬੱਚਿਆਂ ਵਿਚ ਮਿਰਗੀ ਦਾ ਪ੍ਰਮੁੱਖ ਕਾਰਨ ਹੈ ਤੇ ਨਵਜਾਤ ਨੂੰ ਸਾਹ ਲੈਣ ਵਿਚ ਦਿੱਕਤ ਇਸ ਬੀਮਾਰੀ ਦਾ ਮੁੱਖ ਕਾਰਨ ਹੈ। ਆਕਸੀਜਨ ਦੀ ਕਮੀ ਨਵਜਾਤ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ। ਖੋਜਕਾਰਾਂ ਦਾ ਵਿਸ਼ਵਾਸ ਹੈ ਕਿ ਇਕ ਤਰ੍ਹਾਂ ਦਾ ਕੇਅਰ ਬੰਡਲ ਬਣਾਉਣ ਨਾਲ ਲੇਬਰ ਤੇ ਬੱਚਿਆਂ ਦੇ ਜਨਮ ਤੋਂ ਤੁਰੰਤ ਬਾਅਦ ਦੇਖਰੇਖ ਵਿਚ ਸੁਧਾਰ ਹੋ ਸਕਦਾ ਹੈ। ਇੰਪੀਰੀਅਲ ਕਾਲਜ ਲੰਡਨ ਦੇ ਡਾਕਟਰ ਸੁਧੀਰ ਥਾਯੀਲ ਨੇ ਦੱਸਿਆ ਕਿ ਜਨਮ ਦੌਰਾਨ ਸਾਹ ਲੈਣ ਵਿਚ ਦਿੱਕਤ ਦੁਨੀਆਭਰ ਵਿਚ ਨਵਜਾਤ ਦੀ ਮੌਤ ਤੇ ਵਿਕਾਰ ਦੇ ਲਈ ਆਮ ਕਾਰਨ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕੇਅਰ ਬੰਡਲ ਨਾਲ ਅਜਿਹੇ ਮਾਮਲਿਆਂ ਵਿਚ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਜਨਮ ਨਾਲ ਜੁੜੀਆਂ ਸੱਟਾਂ ਨੂੰ ਰੋਕਣਾ ਗੁੰਝਲਦਾਰ ਹੈ ਤੇ ਇਸ ਦੇ ਲਈ ਨਵੀਨਤਾ ਦੀ ਲੋੜ ਹੈ, ਜਿਵੇਂ ਕਿ ਅਧਿਐਨ ਵਿਚ ਕੀਤਾ ਜਾ ਰਿਹਾ ਹੈ।

ਇਸ ਅਧਿਐਨ 'ਤੇ 34 ਲੱਖ ਡਾਲਰ ਦਾ ਖਰਚਾ ਆਵੇਗਾ ਤੇ ਇਸ ਨੂੰ ਬ੍ਰਿਟੇਨ ਤੇ ਭਾਰਤ ਦੇ ਖੋਜਕਾਰਾਂ ਵਲੋਂ ਕੀਤਾ ਜਾਵੇਗਾ। ਇਸ ਵਿਚ ਕਰੀਬ 80 ਹਜ਼ਾਰ ਔਰਤਾਂ ਦਾ ਅਧਿਐਨ ਕੀਤਾ ਜਾਵੇਗਾ ਜੋ ਦੱਖਣੀ ਭਾਰਤ ਦੇ ਤਿੰਨ ਪ੍ਰਮੁੱਖ ਹਸਪਤਾਲਾਂ ਤੋਂ ਭਰਤੀ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਬੈਂਗਲੌਰ ਮੈਡੀਕਲ ਕਾਲਜ, ਮਦਰਾਸ ਮੈਡੀਕਲ ਕਾਲਜ ਤੇ ਬਾਲੀਕਟ ਮੈਡੀਕਲ ਕਾਲਜ ਸ਼ਾਮਲ ਹਨ।

Baljit Singh

This news is Content Editor Baljit Singh