ਸਿੰਗਾਪੁਰ ’ਚ ਬਣਿਆ ਪਾਣੀ ’ਚ ਤੈਰਨ ਵਾਲਾ ਦੁਨੀਆ ਦਾ ਪਹਿਲਾ Apple Store (ਵੇਖੋ ਤਸਵੀਰਾਂ)

08/26/2020 2:43:49 AM

ਗੈਜੇਟ ਡੈਸਕ– ਦੁਨੀਆ ਭਰ ’ਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਐਪਲ ਦਾ ਰਿਟੇਲ ਨੈੱਟਵਰਕ ਭਲੇ ਹੀ ਪ੍ਰਭਾਵਿਤ ਹੋਇਆ ਹੋਵੇ ਪਰ ਕੰਪਨੀ ਨੇ ਆਪਣੇ ਸਟੋਰਾਂ ਦੀ ਗਿਣਤੀ ਨੂੰ ਵਧਾਉਣ ’ਚ ਕੋਈ ਕਮੀ ਨਹੀਂ ਛੱਡੀ। ਇਹੀ ਕਾਰਨ ਹੈ ਕਿ ਆਈਫੋਨ ਬਣਾਉਣ ਵਾਲੀ ਕੰਪਨੀ ਦਾ ਸਿੰਗਾਪੁਰ ’ਚ ਸਭ ਤੋਂ ਨਵਾਂ ਰਿਟੇਲ ਲੋਕੇਸ਼ਨ ਇਸ ਸਮੇਂ ਦੁਨੀਆ ਭਰ ’ਚ ਸੁਰਖੀਆਂ ਬਟੋਰ ਰਿਹਾ ਹੈ। ਇਹ ਰਿਟੇਲ ਸਟੋਰ ਸਿੰਗਾਪੁਰ ’ਚ ਸ਼ਹਿਰ-ਰਾਜ ਦੇ ਤੱਟ ’ਤੇ ਸਥਿਤ ਹੈ। ਇਸ ਨੂੰ ਅਧਿਕਾਰਤ ਤੌਰ ’ਤੇ ਐਪਲ ਮਰੀਨਾ ਬੇ ਸੈਂਡਸ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਹ ਦੁਨੀਆ ’ਚ ਐਪਲ ਦਾ ਇਕ ਮਾਤਰ ਰਿਟੇਲ ਸਟੋਰ ਹੈ ਜੋ ਪਾਣੀ ’ਤੇ ਤੈਰਦਾ ਹੈ। 

ਐਪਲ ਦਾ ਇਹ ਰਿਟੇਲ ਸਟੋਰ ਇਕ ਲਗਜ਼ਰੀ ਹੋਟਲ ਅਤੇ ਰਿਜ਼ਾਰਟ ਦਾ ਹਿੱਸਾ ਹੈ। ਇਹ ਐਪਲ ਦਾ ਸਿੰਗਾਪੁਰ ’ਚ ਤੀਜਾ ਰੀਟੇਲ ਸਟੋਰ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ’ਚ ਪਹਿਲੀ ਵਾਰ 2017 ’ਚ ਆਰਚਰਡ ਰੋਡ ’ਤੇ ਕੰਪਨੀ ਦਾ ਰਿਟੇਲ ਸਟੋਰ ਖੋਲ੍ਹਿਆ ਗਿਆ ਸੀ। ਉਥੇ ਹੀ ਸਿੰਗਾਪੁਰ ’ਚ ਹੀ ਟ੍ਰਾਂਸਪੋਰਟੇਸ਼ਨ ਹਬ, ਜਿਸ ਵਿਚ ਦੁਨੀਆ ਦਾ ਸਭ ਤੋਂ ਲੰਬਾ ਇਨਡੋਰ ਝਰਨਾ ਵੀ ਹੈ, ਉਥੇ ਕੰਪਨੀ ਦਾ ਇਕ ਹੋਰ ਵਿਸ਼ਵ ਪ੍ਰਸਿੱਧ ਰਿਟੇਲ ਸੈਕਟਰ ਮੌਜੂਦ ਹੈ। 

ਦਿਨ ਦੌਰਾਨ ਨਵਾਂ ਮਰੀਨਾ ਬੇ ਸੈਂਡਸ ਸਟੋਰ ਇਕ ਪੁਲਾੜ ਯਾਨ ਦੀ ਤਰ੍ਹਾਂ ਵਿਖਾਈ ਦਿੰਦਾ ਹੈ, ਜੋ ਇਸ ਨੂੰ ਲੋਕਾਂ ’ਚ ਹੋਰ ਵੀ ਲੋਕਪ੍ਰਸਿੱਧ ਬਣਾਉਂਦਾ ਹੈ। ਉਥੇ ਹੀ ਰਾਤ ਦੇ ਸਮੇਂ ਜਦੋਂ ਸਿੰਗਾਪੁਰ ਲਾਈਟਾਂ ਦੀ ਰੋਸ਼ਨੀ ’ਚ ਨਹਾ ਲੈਂਦਾ ਹੈ ਤਾਂ ਇਹ ਰਿਟੇਲ ਸਟੋਰ ਵੇਖਣ ’ਚ ਹੋਰ ਵੀ ਸ਼ਾਨਦਾਰ ਲਗਦਾ ਹੈ। 

ਇਹ ਐਪਲ ਦਾ 512ਵਾਂ ਰਿਟੇਲ ਸਟੋਰ ਹੈ। ਹਾਲਾਂਕਿ, ਇਹ ਅੰਦਰੋਂ ਕਿਹੋ ਜਿਹਾ ਹੈ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੇ ਇਸ ਸਟੋਰ ਨੂੰ ਜਲਦ ਹੀ ਖੋਲ੍ਹਣ ਵਾਲੀ ਹੈ। MacRumors.com ਦੇ ਟਵਿਟਰ ਅਕਾਊਂਟ ’ਤੇ ਇਸ ਸਟੋਰ ਦੀ ਇਕ ਟੀਜ਼ਰ ਵੀਡੀਓ ਜਾਰੀ ਕੀਤੀ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਸਟੋਰ ’ਚ ਵੀ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਦੂਜੇ ਸਾਰੇ ਸਟੋਰਾਂ ਵਰਗੇ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਅਜਿਹੇ ’ਚ ਹੁਣ ਇਹੀ ਵੇਖਣਾ ਹੈ ਕਿ ਕੰਪਨੀ ਆਪਣੇ ਇਸ ਰਿਟੇਲ ਸਟੋਰ ਦਾ ਉਦਘਾਟਣ ਕਦੋਂ ਕਰਦੀ ਹੈ, ਜੋ ਲੋਕਾਂ ਲਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ। 

 

 

Rakesh

This news is Content Editor Rakesh