ਯੂਰਪ ਮਗਰੋਂ ਇੰਗਲੈਂਡ ’ਚ ਬਾਡੀ ਬਿਲਡਿੰਗ ’ਚ ਤਹਿਲਕਾ ਮਚਾਉਣ ਜਾ ਰਿਹੈ ਵਿਸ਼ਵ ਚੈਂਪੀਅਨ ਸੰਦੀਪ ਕੁਮਾਰ ਭੂਤਾਂ

07/02/2022 3:51:44 PM

ਰੋਮ/ਇਟਲੀ (ਦਲਵੀਰ ਕੈਂਥ) : ਪੰਜਾਬੀ ਪੂਰੀ ਦੁਨੀਆ ਦੇ ਜਿਸ ਮਰਜ਼ੀ ਕੋਨੇ ’ਚ ਜਾ ਕੇ ਰਹਿਣ ਲੱਗ ਜਾਣ ਪਰ ਇਹ ਆਪਣੀ ਸਖ਼ਤ ਮਿਹਨਤ, ਲਗਨ ਅਤੇ ਹਿੰਮਤ ਸਦਕਾ ਇਕ ਨਾ ਇਕ ਦਿਨ ਮੁਕਾਮ ਹਾਸਲ ਕਰ ਲੈਂਦੇ ਹਨ। ਅਜਿਹਾ ਹੀ ਇਟਲੀ ਦੀ ਧਰਤੀ ’ਤੇ ਪਿਛਲੇ ਇਕ ਦਹਾਕੇ ਤੋਂ ਸਖ਼ਤ ਮਿਹਨਤ ਤੇ ਫ਼ੌਲਾਦੀ ਹੌਸਲੇ ਨਾਲ ਆਪਣੇ ਸਰੀਰ ਨੂੰ ਰੇਸ਼ਮ ਵਾਂਗ  ਗੁੰਦ ਰਿਹਾ ਨੌਜਵਾਨ ਸੰਦੀਪ ਕੁਮਾਰ ਭੂਤਾਂ। ਸੰਦੀਪ ਕੁਮਾਰ ਭੂਤਾਂ ਨੇ ਇਟਾਲੀਅਨ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਲ 2021 ’ਚ ਸਲੋਵੇਨੀਆ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਦੁਨੀਆ ਭਰ ਦੇ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ ਪਰ ਸੋਨ ਤਮਗੇ ਦਾ ਹੱਕਦਾਰ ਪ੍ਰਮਾਤਮਾ ਦੀ ਨਜ਼ਰ ਸਵੱਲੀ ਨਾਲ ਉਹੀ ਬਣਿਆ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮਹੀਨੇ ਦੀ 30 ਜੁਲਾਈ ਨੂੰ ਇੰਗਲੈਂਡ ਦੇ ਲੰਡਨ ਵਿਖੇ ਹੋ ਰਹੇ ਬਾਡੀ ਬਿਲਡਿੰਗ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਹ ਸਭ ਕੁਝ ਅਮਰੀਕਾ ਨਿਵਾਸੀ ਸ਼ੇਰੂ ਕਲਾਸਿਕ (ਆਈ.ਐੱਫ.ਐੱਫ.ਬੀ. ਪ੍ਰਮੋਟਰ ਇਟਲੀ) ਭਰਾ ਦੀ ਬਦੌਲਤ ਅਤੇ ਦੇਖ-ਰੇਖ ਹੇਠ ਹੋਇਆ ਹੈ।

ਇਸ ਮੁਕਾਬਲੇ ’ਚ ਉਹ ਭਾਰਤ ਸਮੇਤ ਇਟਲੀ ਵੱਲੋਂ ਵੀ ਉਮੀਦਵਾਰੀ ਕਰੇਗਾ, ਜਿਸ ਪ੍ਰਤੀ ਉਸ ਨੂੰ ਡੂੰਘੀ ਆਸ ਹੈ ਕਿ ਇਹ ਮੁਕਾਬਲਾ ਉਹੀ ਜਿੱਤ ਕੇ ਆਵੇਗਾ। ਜ਼ਿਕਰਯੋਗ ਹੈ ਕਿ ਸੰਦੀਪ ਕੁਮਾਰ ਭੂਤਾਂ ਨੂੰ ਉਸ ਦੀ ਖੇਡ ਦੀ ਬਦੌਲਤ ਇਟਲੀ ਦੇ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਨਵਾਂਸ਼ਹਿਰ ਨਾਲ ਸੰਬਧਤ ਸੰਦੀਪ ਕੁਮਾਰ ਭੂਤਾਂ ਦੀ ਬਾਡੀ ਬਿਲਡਿੰਗ ਮੁਕਾਬਲੇਬਾਜ਼ੀ ਨਾਲ ਜਿੱਥੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਉੱਥੇ ਇਸ ਦੇ ਨਾਲ-ਨਾਲ ਇਟਲੀ ’ਚ ਵਸਦੇ ਪੰਜਾਬੀ ਭਾਈਚਾਰੇ ਦਾ ਨਾਂ ਵੀ ਰੌਸ਼ਨ ਹੋ ਰਿਹਾ ਹੈ ਕਿਉਂਕਿ ਉਸ ਨੇ ਕਈ ਇਟਾਲੀਅਨ ਕਹਿੰਦੇ-ਕਹਾਉਂਦੇ ਬਾਡੀ ਬਿਲਡਰਾਂ ਨੂੰ ਪਛਾੜਦਿਆਂ ਮੁਕਾਬਲੇ ਜਿੱਤ ਕੇ ਕਈ ਖ਼ਿਤਾਬ ਹਾਸਲ ਕੀਤੇ ਹਨ। ਹਾਲ ਹੀ ’ਚ ਉਸ ਨੇ ਰਾਜਧਾਨੀ ਰੋਮ ’ਚ ਹੋਏ ਬਿਲਡਿੰਗ ਮੁਕਾਬਲੇ ’ਚ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੈ। ਸੰਦੀਪ ਕੁਮਾਰ ਭੂਤਾਂ ਨੇ ਗੁੰਦਵਾਂ ਸਰੀਰ ਕੁਦਰਤੀ ਖੁਰਾਕ ਤੇ ਮਿਹਨਤ ਨਾਲ ਬਣਾਇਆ ਹੈ, ਜਿਸ ਦੇ ਲਈ ਸਾਰੇ ਪਾਸੇ ਖੇਡ ਖੇਤਰ ਦੇ ਮਹਾਰਥੀ ਉਸ ਦੀ ਮਿਹਨਤ ਤੇ ਲਗਨ ਦਾ ਲੋਹਾ ਮੰਨਦੇ ਹਨ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਹ ਨੌਜਵਾਨ 30 ਜੁਲਾਈ ਨੂੰ ਇੰਗਲੈਂਡ ’ਚ ਆਪਣੀ ਜਿੱਤ ਦਾ ਝੰਡਾ ਗੱਡ ਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਸੀਨਾ ਮਾਣ ਨਾਲ ਚੌੜਾ ਕਰੇਗਾ।

Manoj

This news is Content Editor Manoj