ਪੱਛਮੀ ਆਸਟ੍ਰੇਲੀਆ ਦੇ ਟਾਪੂ ''ਤੇ ਇਕ ਬੋਤਲ ''ਚ ਮਿਲਿਆ ਸਭ ਤੋਂ ਪੁਰਾਣਾ ਸੰਦੇਸ਼

03/07/2018 5:00:50 PM

ਪਰਥ (ਭਾਸ਼ਾ)— ਪੱਛਮੀ ਆਸਟ੍ਰੇਲੀਆ 'ਚ ਜਨਵਰੀ ਮਹੀਨੇ 'ਚ ਇਕ ਬੋਤਲ ਮਿਲੀ ਸੀ, ਜਿਸ 'ਚ 132 ਸਾਲ ਪਹਿਲਾਂ ਲਿਖੇ ਸੰਦੇਸ਼ ਵਾਲਾ ਇਕ ਪਰਚਾ ਮਿਲਿਆ ਸੀ। ਹੁਣ ਕਈ ਹਫਤਿਆਂ ਮਗਰੋਂ ਪਰਚੇ 'ਤੇ ਲਿਖੇ ਸੰਦੇਸ਼ ਦੀ ਪੁਸ਼ਟੀ ਹੋ ਗਈ ਹੈ ਅਤੇ ਇਸ ਨੂੰ ਦੁਨੀਆ ਦੇ ਪ੍ਰਾਚੀਨ ਅਨੋਖੇ ਪੈਗਾਮ ਦੇ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ। ਫਾਰਮੂਲਾ ਵਨ ਰੇਸ ਦੇ ਦਿੱਗਜ ਡੇਨੀਅਲ ਰਿਕੀਯਾਰਡ ਦੇ ਪਰਿਵਾਰ ਸਮੇਤ ਕੁਝ ਹੋਰ ਲੋਕਾਂ ਨੇ ਸੈਰ ਦੌਰਾਨ ਟਾਪੂ 'ਤੇ ਇਹ ਬੋਤਲ ਬਰਾਮਦ ਕੀਤੀ ਸੀ। ਇਹ ਬੋਤਲ ਜਨਵਰੀ ਮਹੀਨੇ ਵਿਚ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ 160 ਕਿਲੋਮੀਟਰ ਉੱਤਰ ਵਿਚ ਸਥਿਤ ਵੇਜ ਟਾਪੂ ਨੇੜੇ ਰੇਤ 'ਚ ਧੱਸੀ ਹੋਈ ਮਿਲੀ ਸੀ।
ਬੋਤਲ 'ਚ ਮਿਲੇ ਸੰਦੇਸ਼ ਦੀ ਪੁਸ਼ਟੀ ਤੋਂ ਪਹਿਲਾਂ ਗੂਗਲ ਟਰਾਂਸਲੇਟ ਅਤੇ ਆਨਲਾਈਨ ਸ਼ੋਧ ਜ਼ਰੀਏ ਹਫਤਿਆਂ ਤੱਕ ਇਸ ਸੰਬੰਧ 'ਚ ਖੋਜ ਕੀਤੀ ਗਈ। ਵੈਸਟਰਨ ਆਸਟ੍ਰੇਲੀਅਨ ਮਿਊਜ਼ੀਅਮ ਮੁਤਾਬਕ ਇਹ ਉਨ੍ਹਾਂ ਹਜ਼ਾਰਾਂ ਬੋਤਲਾਂ ਵਿਚੋਂ ਇਕ ਹੈ, ਜਿਸ ਨੂੰ ਜਰਮਨ ਮਹਾਸਾਗਰੀ ਪ੍ਰਯੋਗਾਂ ਲਈ ਇਸਤੇਮਾਲ ਕੀਤਾ ਗਿਆ ਸੀ। ਇਨ੍ਹਾਂ ਪ੍ਰਯੋਗਾਂ ਦਾ ਮਕਸਦ ਸੰਸਾਰਕ ਮਹਾਸਾਗਰੀ ਲਹਿਰਾਂ ਦੀ ਬਿਹਤਰ ਸਮਝ ਵਿਕਸਿਤ ਕਰਨਾ ਅਤੇ ਜ਼ਿਆਦਾ ਉਪਯੁਕਤ ਜਹਾਜ਼ ਮਾਰਗਾਂ ਦਾ ਪਤਾ ਲਾਉਣਾ ਸੀ। ਇਸ ਤੋਂ ਪਹਿਲਾਂ ਬੋਤਲ 'ਚ ਮਿਲਿਆ ਸਭ ਤੋਂ ਪ੍ਰਾਚੀਨ ਮੰਨਿਆ ਜਾਣ ਵਾਲਾ ਸੰਦੇਸ਼ ਜਰਮਨੀ ਵਿਚ ਮਿਲਿਆ ਸੀ, ਜੋ ਕਿ 108 ਸਾਲ ਅਤੇ 138 ਦਿਨ ਪੁਰਾਣਾ ਸੀ।