ਈਰਾਨ ''ਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਕਰ ਰਿਹੈ ਭਾਰਤ

02/29/2020 4:26:31 PM

ਤਹਿਰਾਨ- ਈਰਾਨ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਈਰਾਨ ਵਿਚ ਫੈਲਦੇ ਜਾ ਰਹੇ ਵਾਇਰਸ ਨੂੰ ਦੇਖਦਿਆਂ ਭਾਰਤ ਈਰਾਨ ਵਿਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਇਸ ਦੀ ਜਾਣਕਾਰੀ ਈਰਾਨ ਵਿਚ ਭਾਰਤੀ ਰਾਜਦੂਤ ਗੱਦਾਮ ਧਰਮੇਂਦਰ ਨੇ ਸ਼ਨੀਵਾਰ ਨੂੰ ਦਿੱਤੀ ਹੈ।

ਭਾਰਤੀ ਰਾਜਦੂਤ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ, ਜੋ ਭਾਰਤੀ ਘਰ ਪਰਤਣਾ ਚਾਹੁੰਦੇ ਹਨ, ਉਹਨਾਂ ਨੂੰ ਦੇਸ਼ ਲਿਆਉਣ ਲਈ ਸਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਕੋਰੋਨਾਵਾਇਰਸ ਕਾਰਨ ਈਰਾਨ ਵਿਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੇਸ਼ ਦੇ ਉਪ ਸਿਹਤ ਮੰਤਰੀ ਤੇ ਉਪ ਰਾਸ਼ਟਰਪਤੀ ਮਸੂਮੇ ਏਬਟੇਕਰ ਵੀ ਇਸ ਵਾਇਰਸ ਦੀ ਲਪੇਟ ਵਿਚ ਹੈ। ਦੇਸ਼ ਵਿਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 388 ਹੋ ਗਈ ਹੈ। 

ਤਾਜ਼ਾ ਅੰਕੜਿਆਂ ਅਨੁਸਾਰ ਇਕੱਲੇ ਚੀਨ ਵਿਚ ਘੱਟੋ-ਘੱਟ 2,835 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ​ਚੁੱਕੇ ਹਨ ਤੇ ਦੁਨੀਆ ਭਰ ਵਿਚ 84,500 ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਡ ਹਨ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਨਾਵਲ ਕੋਰੋਨਾਵਾਇਰਸ ਜਾਂ ਕੋਵਿਡ-19 ਭਾਰਤ, ਅਮਰੀਕਾ, ਯੂਕੇ, ਸਿੰਗਾਪੁਰ, ਜਾਪਾਨ, ਇਟਲੀ, ਫਰਾਂਸ, ਰੂਸ ਤੇ ਸਪੇਨ ਸਣੇ 45 ਤੋਂ ਵਧੇਰੇ ਦੇਸ਼ਾਂ ਵਿਚ ਫੈਲ ਗਿਆ ਹੈ।

Baljit Singh

This news is Content Editor Baljit Singh