ਸਾਊਦੀ ਅਰਬ ''ਚ ਸ਼ਰ੍ਹੇਆਮ ਸਿਗਰੇਟ ਪੀਂਦੀਆਂ ਔਰਤਾਂ

02/18/2020 12:27:31 AM

ਰਿਆਦ (ਏਜੰਸੀ)- ਸਾਊਦੀ ਅਰਬ 'ਚ ਸ਼ਰ੍ਹੇਆਮ ਸਿਗਰੇਟ ਪੀਂਦੀਆਂ ਔਰਤਾਂ ਸ਼ਾਇਦ ਹੀ ਅਜਿਹੀ ਕਲਪਨਾ ਕਦੇ ਕਿਸੇ ਨੇ ਕੀਤੀ ਹੋਵੇਗੀ। ਹਾਲਾਂਕਿ ਹੁਣ ਇਹ ਸੱਚ ਹੁੰਦਾ ਜਾਪਦਾ ਹੈ। ਇਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਮੁਤਾਬਕ ਰਿਆਦ ਦੇ ਕੈਫੇ ਵਿਚ ਰੀਮਾ ਈ-ਸਿਗਰੇਟ ਦਾ ਲੰਬਾ ਕਸ਼ ਲੈਂਦੀਆਂ ਹਨ ਅਤੇ ਬਹੁਤ ਸਾਰਾ ਧੂੰਆਂ ਬਾਹਰ ਫੂਕਦੀਆਂ ਹਨ। ਇਸ ਦੌਰਾਨ ਉਨ੍ਹਾਂ ਲਈ ਆਜ਼ਾਦੀ ਦੇ ਮਾਇਨੇ ਹੀ ਬਦਲ ਗਏ। ਰੀਮਾ ਨੂੰ ਇਸ ਕੈਫੇ ਵਿਚ ਪਹੁੰਚਾਉਣ ਵਾਲਾ ਕੋਈ ਨਹੀਂ ਹੈ। ਰਿਆਦ ਵਿਚ ਨਿੱਜੀ ਕੰਪਨੀ ਲਈ ਕੰਮ ਕਰਨ ਵਾਲੀ 27 ਸਾਲ ਦੀ ਰੀਮਾ ਕਹਿੰਦੀ ਹੈ। ਜਨਤਕ ਤੌਰ 'ਤੇ ਸਿਗਰੇਟਨੋਸ਼ੀ ਮੇਰੀ ਨਵੀਂ ਆਜ਼ਾਦੀ ਦੀ ਜਿੱਤ ਦਾ ਹਿੱਸਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਨੂੰ ਚੁਣ ਸਕਦੀ ਹਾਂ। ਅਗਲੇ ਕੁਝ ਮਹੀਨਿਆਂ 'ਚ ਜਨਤਕ ਤੌਰ 'ਤੇ ਔਰਤਾਂ 'ਚ ਸਿਗਰੇਟਨੋਸ਼ੀ ਆਮ ਗੱਲ ਹੋਵੇਗੀ।

ਸੱਤਾਧਾਰੀ ਦੇਸ਼ 'ਚ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਹਾਲ ਹੀ ਦੇ ਸਾਲਾਂ 'ਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਬਦਲਾਅ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਿੰਸ ਸਲਮਾਨ ਨੇ ਦੇਸ਼ ਦੀ ਛਵੀ ਨੂੰ ਉਦਾਰਵਾਦੀ ਬਣਾਉਣ ਲਈ ਆਰਥਿਕ ਅਤੇ ਸਮਾਜਿਕ ਪੱਧਰਾਂ 'ਤੇ ਨਵਾਂ ਪਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸਾਊਦੀ ਅਰਬ 'ਚ ਔਰਤਾਂ ਹੁਣ ਕਾਰ ਚਲਾ ਸਕਦੀਆਂ ਹਨ। ਖੇਡ ਮੁਕਾਬਲਿਆਂ ਅਤੇ ਕੰਸਰਟ ਵਿਚ ਜਾ ਸਕਦੀਆਂ ਹਨ। ਨਾਲ ਹੀ ਔਰਤਾਂ ਨੂੰ ਪਾਸਪੋਰਟ ਹਾਸਲ ਕਰਨ ਲਈ ਪੁਰਸ਼ ਜਾਂ ਪਰਿਵਾਰਕ ਮੈਂਬਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।

ਰੀਮਾ ਪਿਛਲੇ ਦੋ ਸਾਲ ਤੋਂ ਸਿਗਰੇਟ ਪੀ ਰਹੀ ਹੈ। ਸਿਗਰੇਟ ਦੇ ਨੁਕਸਾਨ ਤੋਂ ਜਾਣੂੰ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਉਹ ਚਿੰਤਤ ਹੈ ਕਿ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਰੀਮਾ ਆਖਦੀ ਹੈ ਕਿ ਮੈਂ ਉਨ੍ਹਾਂ ਨੂੰ ਆਪਣੀ ਨਿੱਜੀ ਆਜ਼ਾਦੀ ਬਾਰੇ ਨਹੀਂ ਦੱਸਾਂਗੀ ਕਿਉਂਕਿ ਉਹ ਨਹੀਂ ਸਮਝਣਗੇ ਕਿ ਔਰਤਾਂ ਵੀ ਪੁਰਸ਼ਾਂ ਵਾਂਗ ਸਿਗਰੇਟਨੋਸ਼ੀ ਕਰਨ ਲਈ ਆਜ਼ਾਦ ਹਨ। ਰੀਮਾ ਵਾਂਗ 26 ਸਾਲ ਦੀ ਨਜਲਾ (ਬਦਲਿਆ ਹੋਇਆ ਨਾਂ) ਨੇ ਕਿਹਾ ਕਿ ਤੇਜ਼ੀ ਨਾਲ ਸਮਾਜਿਕ ਬਦਲਾਅ ਦੇ ਬਾਵਜੂਦ ਦੋਹਰੇ ਮਾਪਦੰਡ ਅਜੇ ਵੀ ਮੌਜੂਦ ਹਨ।

ਉਹ ਆਖਦੀ ਹੈ ਕਿ ਜੇਕਰ ਔਰਤਾਂ ਸਿਗਰੇਟਨੋਸ਼ੀ ਕਰਦੀਆਂ ਹਨ ਤਾਂ ਉਸ ਨੂੰ ਕਲੰਕ ਅਤੇ ਬਦਨਾਮੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪੁਰਸ਼ਾਂ ਵਿਚਾਲੇ ਨਜਲਾ ਇਕੱਲੀ ਔਰਤ ਹੈ ਜੋ ਸਿਗਰੇਟਨੋਸ਼ੀ ਕਰ ਰਹੀ ਹੈ ਅਤੇ ਉਹ ਆਖਦੀ ਹੈ ਇਸ ਨਾਲ ਉਹ ਸਮਾਜ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ। ਉਹ ਆਖਦੀ ਹੈ ਕਿ ਮੇਰੇ ਅਧਿਕਾਰਾਂ ਦਾ ਉਦੋਂ ਸਨਮਾਨ ਹੋਵੇਗਾ ਜਦੋਂ ਮੇਰਾ ਪਰਿਵਾਰ ਮੈਨੂੰ ਇਕ ਸਮੋਕਰ ਵਾਂਗ ਅਪਣਾਏਗਾ। ਨਜਲਾ ਦੱਸਦੀ ਹੈ ਕਿ ਜਦੋਂ ਉਸ ਦੀ ਇਕ ਦੋਸਤ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਸਿਗਰੇਟ ਪੀਂਦੀ ਹੈ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਨਸ਼ਾਮੁਕਤੀ ਕਲੀਨਿਕ ਵਿਚ ਦਾਖਲ ਕਰਵਾ ਦਿੱਤਾ। ਨਜਲਾ ਜਦੋਂ ਹਾਈ ਸਕੂਲ ਵਿਚ ਸੀ ਉਦੋਂ ਉਸ ਨੇ ਸਿਗਰੇਟਨੋਸ਼ੀ ਕਰਨੀ ਸ਼ੁਰੂ ਕੀਤੀ ਸੀ। 2015 ਦੀ ਇਕ ਖੋਜ ਮੁਤਾਬਕ ਹਾਈ ਸਕੂਲ ਦੀਆਂ 65 ਫੀਸਦੀ ਵਿਦਿਆਰਥਣਾਂ ਚੋਰੀ ਸਿਗਰੇਟਨੋਸ਼ੀ ਕਰਦੀਆਂ ਹਨ।

Sunny Mehra

This news is Content Editor Sunny Mehra