ਕੁੜੀ ਦੀ ਕਿਸਮਤ ਨੇ ਪਲਟੀ ਬਾਜ਼ੀ, ਸੌਸ ਦੇ ਬਦਲੇ ਮਿਲ ਗਈ ਕਾਰ

10/17/2017 3:19:50 PM

ਵਾਸ਼ਿੰਗਟਨ, (ਏਜੰਸੀ)— ਅਮਰੀਕਾ ਦੇ ਮਿਸ਼ੀਗਨ 'ਚ ਰਹਿਣ ਵਾਲੀ 23 ਸਾਲਾ ਰੇਚਲ ਦੀ ਕਿਸਮਤ ਅਜਿਹੀ ਚਮਕੀ ਕਿ ਉਸ ਨੇ ਇਕ ਛੋਟੇ ਜਿਹੇ ਸ਼ੇਜਵਾਨ ਸੌਸ ਦੇ ਪੈਕਟ ਦੇ ਬਦਲੇ ਸ਼ਾਨਦਾਰ ਕਾਰ ਲੈ ਲਈ। ਅਸਲ 'ਚ ਇੱਥੇ ਇਕ ਪ੍ਰਸਿੱਧ ਟੀ.ਵੀ. ਸ਼ੋਅ 'ਚ ਇਸ ਸੌਸ ਦਾ ਜ਼ਿਕਰ ਕੀਤਾ ਗਿਆ। ਜਦ ਮੈਕਡਾਨਲਡ ਨੇ ਗਾਹਕਾਂ ਲਈ ਸੌਸ ਦੇਣ ਦੀ ਘੋਸ਼ਣਾ ਕੀਤੀ ਤਾਂ ਪ੍ਰੋਗਰਾਮ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਲੋਕ ਸਵੇਰ ਤੋਂ ਮੈਕਡਾਨਲਡ ਦੇ ਬਾਹਰ ਕਤਾਰ 'ਚ ਖੜ੍ਹੇ ਹੋ ਗਏ। ਸੌਸ ਦੇ ਪੈਕਟ 20 ਸਨ ਅਤੇ ਕਤਾਰ 'ਚ ਸੈਂਕੜੇ ਲੋਕ ਖੜ੍ਹੇ ਸਨ ਅਤੇ ਕੁੱਝ ਲੋਕਾਂ ਨੂੰ ਹੀ ਇਹ ਮਿਲ ਸਕੇ। ਇਹ ਸੌਸ ਇਕ ਤਰ੍ਹਾਂ ਨਾਲ ਲੋਕਾਂ ਲਈ ਲਾਟਰੀ ਹੀ ਸੀ।
ਆਖਿਰ ਰੇਚਲ ਅਤੇ ਉਸ ਦਾ ਇਕ ਦੋਸਤ ਪੈਕਟ ਖਰੀਦਣ 'ਚ ਕਾਮਯਾਬ ਹੋ ਗਏ। ਘਰ ਆ ਕੇ ਰੇਚਲ ਨੇ ਇਸ ਦੀ ਤਸਵੀਰ ਫੇਸਬੁੱਕ 'ਤੇ ਪਾਈ। ਇੱਥੇ ਕਈ ਲੋਕਾਂ ਨੇ ਰੇਚਲ ਨੂੰ ਸੌਸ ਦੇ ਬਦਲੇ ਮਹਿੰਗੀਆਂ ਚੀਜ਼ਾਂ ਦੇਣ ਦਾ ਆਫਰ ਦਿੱਤਾ। ਇਸ ਸ਼ੋਅ ਨੂੰ ਬਹੁਤ ਪਸੰਦ ਕਰਨ ਵਾਲੇ ਇਕ ਵਿਅਕਤੀ ਨੇ ਤਾਂ ਸੌਸ ਦੇ ਬਦਲੇ ਆਪਣੀ ਮਹਿੰਗੀ ਕਾਰ ਤਕ ਦੇਣ ਦਾ ਪ੍ਰਸਤਾਵ ਰੱਖਿਆ। ਅਖੀਰ ਰੇਚਲ ਨੇ ਇਹ ਸੌਦਾ ਮਨਜ਼ੂਰ ਕਰ ਲਿਆ ਅਤੇ ਉਸ ਨੂੰ ਕਾਰ ਮਿਲ ਗਈ। ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਕਿਸਮਤ ਹੈ ਜੋ ਉਹ ਸੌਸ ਅਤੇ ਕਾਰ ਲੈਣ 'ਚ ਸਫਲ ਰਹੀ। ਕਾਰ ਦੇਣ ਵਾਲੇ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਪਰ ਉਸ ਨੇ ਕਿਹਾ ਕਿ ਉਹ ਇਸ ਸੌਦੇ ਨਾਲ ਖੁਸ਼ ਹੈ। ਮੈਕਡਾਨਲਡ ਨੇ ਕਿਹਾ ਕਿ ਉਹ ਅਗਲੀ ਵਾਰ ਵੱਡੀ ਗਿਣਤੀ 'ਚ ਸੌਸ ਦੇ ਪੈਕਟ ਉਪਲਬਧ ਕਰਾਵੇਗਾ।