ਇਸ ਨੂੰ ਕਹਿੰਦੇ ਨੇ ਕਿਸਮਤ, 200 ਫੁੱਟ ਉੱਚੀ ਪਹਾੜੀ ਹੇਠਾਂ ਫਸੀ ਔਰਤ ਨੇ ਇੰਝ ਬਚਾਈ ਜਾਨ

07/15/2018 6:03:44 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕੈਲੀਫੋਰਨੀਆ ਤੱਟ ਕੋਲ ਇਕ ਪਹਾੜੀ ਦੇ ਹੇਠਾਂ ਭਿਆਨਕ ਹਾਦਸੇ ਦੀ ਸ਼ਿਕਾਰ ਹੋਈ ਓਰੇਗਨ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਨੁਕਸਾਨੇ ਵਾਹਨ ਦੇ ਰੇਡੀਏਟਰ ਦੇ ਪਾਣੀ ਨਾਲ 7 ਦਿਨ ਗੁਜ਼ਾਰੇ ਅਤੇ ਆਪਣੀ ਜਾਨ ਬਚਾਈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ 23 ਸਾਲਾ ਐਂਜੇਲਾ ਹਰਨਾਡੇਜ਼ ਨੂੰ ਪੋਰਟਲੈਂਡ ਵਾਸੀ ਇਕ ਜੋੜੇ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਐਂਜੇਲਾ ਦੀ ਜੀਪ ਬਿਗ ਸੁਰ ਇਲਾਕੇ ਵਿਚ 200 ਫੁੱਟ ਉੱਚੀ ਪਹਾੜੀ ਦੇ ਹੇਠਾਂ ਫਸੀ ਹੋਈ ਹੈ। 

ਔਰਤ ਨੂੰ ਆਖਰੀ ਵਾਰ 6 ਜੁਲਾਈ ਨੂੰ ਹਾਈਵੇਅ-1 ਤੋਂ 50 ਮੀਲ ਉੱਤਰ ਵਿਚ ਕਾਰਮੇਲ ਗੈਸ ਸਟੇਸ਼ਨ 'ਤੇ ਉਸ ਦੀ ਜੀਪ ਨਾਲ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹ ਲਾਪਤਾ ਸੀ। ਉਸ ਦੀ ਗੁੰਮਸ਼ੁਦਗੀ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਚਿੰਤਾ ਵਿਚ ਸੀ। 

ਸੂਤਰਾਂ ਨੇ ਦੱਸਿਆ ਕਿ ਹਰਨਾਡੇਜ਼ ਜਦੋਂ ਮਿਲੀ, ਉਹ ਹੋਸ਼ ਵਿਚ ਸੀ, ਸਾਹ ਲੈ ਰਹੀ ਸੀ ਅਤੇ ਉਸ ਦੇ ਮੋਢੇ 'ਤੇ ਸੱਟ ਲੱਗੀ ਹੋਈ ਸੀ। ਬਚਾਅ ਕਰਮਚਾਰੀਆਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਇਕ ਹੈਲੀਕਾਪਟਰ ਰਾਹੀਂ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ। ਉਸ ਦੀ ਹਾਲਤ ਹੁਣ ਸਥਿਰ ਹੈ ਪਰ ਅਜਿਹਾ ਲੱਗਦਾ ਹੈ ਕਿ ਹਾਦਸੇ ਕਾਰਨ ਉਸ ਨੂੰ ਸਦਮਾ ਲੱਗਾ ਹੈ। ਔਰਤ ਨੇ ਦੱਸਿਆ ਕਿ ਇਕ ਜਾਨਵਰ ਨੂੰ ਬਚਾਉਣ ਦੌਰਾਨ ਉਸ ਦੀ ਜੀਪ ਬੇਕਾਬੂ ਹੋ ਕੇ ਪਹਾੜੀ ਦੇ ਹੇਠਾਂ ਫਸ ਗਈ। ਉਹ ਲੱਗਭਗ 7 ਦਿਨ ਉੱਥੇ ਫਸੀ ਰਹੀ ਅਤੇ ਇਸ ਦੌਰਾਨ ਉਸ ਨੇ ਆਪਣੀ ਜੀਪ ਦੇ ਰੇਡੀਏਟਰ ਦਾ ਪਾਣੀ ਪੀ ਕੇ ਆਪਣੀ ਜਾਨ ਬਚਾਈ।