‘ਮੈਨੂੰ ਪੈਦਾ ਕਿਉਂ ਕੀਤਾ’, ਕੁੜੀ ਨੇ ਮਾਂ ਦੇ ਡਾਕਟਰ ’ਤੇ ਕੀਤਾ ਕੇਸ ਤਾਂ ਮਿਲਿਆ ਕਰੋੜਾਂ ਦਾ ਹਰਜਾਨਾ

12/03/2021 2:41:57 PM

ਲੰਡਨ : ਬ੍ਰਿਟੇਨ ਦੇ ਲਿੰਕਨਸ਼ਾਇਰ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ 20 ਸਾਲਾ ਕੁੜੀ ਨੇ ਆਪਣੀ ਮਾਂ ਦੇ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੁੜੀ ਦਾ ਦਾਅਵਾ ਸੀ ਕਿ ਉਸ ਨੂੰ ‘ਪੈਦਾ ਨਹੀਂ ਹੋਣਾ ਚਾਹੀਦਾ’ ਸੀ। ਜੇ ਡਾਕਟਰ ਚਾਹੁੰਦਾ ਤਾਂ ਉਸ ਨੂੰ ਪੈਦਾ ਹੋਣ ਤੋਂ ਰੋਕ ਸਕਦਾ ਸੀ। ਹੁਣ ਕੁੜੀ ਨੇ ਕੇਸ ਜਿੱਤ ਲਿਆ ਹੈ ਅਤੇ ਉਸ ਨੂੰ ਕਈ ਮਿਲੀਅਨ ਡਾਲਰ ਮੁਆਵਜ਼ੇ ਵਜੋਂ ਮਿਲੇ ਹਨ। 

ਇਹ ਵੀ ਪੜ੍ਹੋ : ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਫੋਟੋਸ਼ੂਟ ਦਾ ਮਾਮਲਾ, ਪਾਕਿ ਨੇ ਤਲਬ ਕੀਤਾ ਭਾਰਤੀ ਡਿਪਲੋਮੈਟ

ਆਪਣੀ ਮਾਂ ਦੇ ਡਾਕਟਰ ਫਿਲਿਪ ਮਿਸ਼ੇਲ ’ਤੇ ਕੇਸ ਕਰਨ ਵਾਲੀ ਕੁੜੀ ਦਾ ਨਾਮ ਈਵੀ ਟੋਮਬਜ਼ ਹੈ। ਈਵੀ ਟੋਮਬਜ਼ ਨੂੰ ਸਪਾਈਨਾ ਬਿਫਿਡਾ ਨਾਮ ਦੀ ਬੀਮਾਰੀ ਹੈ। ਇਸ ਬੀਮਾਰੀ ਵਿਚ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਹੁੰਦਾ ਹੈ ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ 24 ਘੰਟੇ ਟਿਊਬਾਂ ਨਾਲ ਬਿਤਾਉਂਦੇ ਪੈਂਦੇ ਹਨ। ਈਵੀ ਦਾ ਮੰਨਣਾ ਹੈ ਕਿ ਉਸ ਦੀ ਮਾਂ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਹ ਦਿਵਿਆਂਗ ਹੈ। ਉਸ ਦੇ ਜਨਮ ਸਮੇਂ ਡਾਕਟਰ ਨੇ ਠੀਕ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸੀ। ਈਵੀ ਟੋਮਬਜ਼ ਦਾ ਦਾਅਵਾ ਹੈ ਕਿ ਜੇਕਰ ਡਾ. ਮਿਸ਼ੇਲ ਨੇ ਉਨ੍ਹਾਂ ਦੀ ਮਾਂ ਨੂੰ ਦੱਸਿਆ ਹੁੰਦਾ ਕਿ ਤੁਹਾਨੂੰ ਬੱਚੇ ਨੂੰ ਪ੍ਰਭਾਵਿਤ ਕਰਨ ਵਾਲੇ ਸਪਾਈਨਾ ਬਿਫਿਡਾ ਦੇ ਖ਼ਤਰੇ ਨੂੰ ਘੱਟ ਕਰਨ ਲਈ ਫੋਲਿਕ ਐਸਿਡ ਦੀ ਖ਼ੁਰਾਕ ਲੈਣ ਦੀ ਜ਼ਰੂਰਤ ਹੈ ਤਾਂ ਉਹ ਦਿਵਿਆਂਗ ਪੈਦਾ ਨਾ ਹੁੰਦੀ। 

ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਅੰਤਰਰਾਸ਼ਟਰੀ ਯਾਤਰੀਆਂ ਸਮੇਤ ਨਾਗਰਿਕਾਂ ਲਈ ਅਮਰੀਕਾ ਨੇ ਲਏ ਸਖ਼ਤ ਫ਼ੈਸਲੇ

ਇਸ ਕੇਸ ’ਤੇ ਫ਼ੈਸਲਾ ਸੁਣਾਉਂਦੇ ਹੋਏ ਜੱਜ ਰੋਸਲਿੰਡ ਕਿਊਸੀ ਨੇ ਕਿਹਾ ਕਿ ਜੇਕਰ ਡਾਕਟਰ ਫਿਲਿਪ ਮਿਸ਼ੇਲ ਨੇ ਈਵੀ ਦੀ ਮਾਂ ਨੂੰ ਗਰਭ ਅਵਸਥਾ ਦੌਰਾਨ ਸਹੀ ਸਲਾਹ ਦਿੱਤੀ ਹੁੰਦੀ ਤਾਂ ਅੱਜ ਈਵੀ ਸਿਹਤਮੰਦ ਹੁੰਦੀ। ਈਵੀ ਅੱਜ ਦਿਵਿਆਂਗ ਨਾ ਹੁੰਦੀ। ਇਹ ਸਭ ਡਾਕਟਰ ਦੀ ਲਾਪਰਵਾਹੀ ਦਾ ਨਤੀਜਾ ਹੈ। ਈਵੀ ਟੋਮਬਜ਼ ਨੂੰ ਵੱਡੇ ਹਰਜਾਨੇ ਦਾ ਅਧਿਕਾਰ ਦਿੰਦੇ ਹੋਏ ਜੱਜ ਨੇ ਕਿਹਾ, ‘ਅਜਿਹੇ ਹਾਲਾਤ ਵਿਚ ਗਰਭ ਦੇਰੀ ਨਾਲ ਠਹਿਰਦਾ ਅਤੇ ਬੱਚਾ ਸਿਹਤਮੰਦ ਪੈਦਾ ਹੁੰਦਾ।’ ਈਵੀ ਦਾ ਮਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਜੇਕਰ ਡਾ. ਮਿਸ਼ੇਲ ਨੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ ਹੁੰਦੀ ਤਾਂ ਉਹ ਬੱਚਾ ਪੈਦਾ ਕਰਨ ਦੀ ਯੋਜਨਾ ਟਾਲ ਸਕਦੀ ਸੀ। ਉਨ੍ਹਾਂ ਨੇ ਜੱਜ ਨੂੰ ਦੱਸਿਆ, ‘ਮੈਨੂੰ ਦੱਸਿਆ ਗਿਆ ਸੀ ਕਿ ਜੇਕਰ ਮੇਰਾ ਖਾਣ-ਪੀਣ ਚੰਗਾ ਹੈ ਤਾਂ ਮੈਨੂੰ ਫਾਲਿਕ ਐਸਿਡ ਲੈਣ ਦੀ ਜ਼ਰੂਰਤ ਨਹੀਂ ਹੈ।’

ਇਹ ਵੀ ਪੜ੍ਹੋ : ਪਾਕਿ ਦਾ ਨਾਦਰਸ਼ਾਹੀ ਫ਼ੈਸਲਾ, ਭਾਰਤ ਨੂੰ ਅਫ਼ਗਾਨਿਸਤਾਨ ਕਣਕ ਅਤੇ ਦਵਾਈਆਂ ਭੇਜਣ ਦੀ ਨਹੀਂ ਦਿੱਤੀ ਇਜਾਜ਼ਤ

ਦੱਸ ਦੇਈਏ ਕਿ ਗਰਭ ਅਵਸਥਾ ਤੋਂ ਪਹਿਲਾਂ ਅਤੇ ਗਰਭ ਅਵਸਥਾ ਦੌਰਾਨ 12 ਹਫ਼ਤਿਆਂ ਤੱਕ ਫਾਲਿਕ ਐਸਿਡ ਸਪਲੀਮੈਂਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਐੱਨ.ਐੱਚ.ਐੱਸ. ਮੁਤਾਬਕ ਹਰ ਦਿਨ 400 ਮਾਈਕ੍ਰੋਗ੍ਰਾਮ ਫਾਲਿਕ ਐਸਿਡ ਲੈਣਾ ਹੁੰਦਾ ਹੈ। ਇਹ ਗਰਭ ਵਿਚ ਪਲ ਰਹੇ ਬੱਚੇ ਵਿਚ ਸਪਾਈਨਾ ਬਿਫਿਡਾ ਸਮੇਤ ਨਿਊਰਲ ਡਿਫੈਕਟ ਦੇ ਰੂਪ ਵਿਚ ਜਾਣੀਆਂ ਜਾਂਦੀਆਂ ਕਈ ਬੀਮਾਰੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry