ਉੱਤਰਦੇ ਹੋਏ ਔਰਤ ਦਾ ਬੈਗ ਫਸਿਆ ਦਰਵਾਜ਼ੇ 'ਚ, ਚੱਲ ਪਈ ਗੱਡੀ ਤੇ ਫਿਰ.....

07/19/2017 3:44:41 PM

ਰੋਮ— ਇਟਲੀ ਦੇ ਰੋਮ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਡਰਾਈਵਰ ਦੀ ਲਾਪਰਵਾਹੀ ਕਾਰਨ ਔਰਤ ਦੀ ਜਾਨ ਉੱਤੇ ਬਣ ਆਈ ਅਤੇ ਉਹ ਮਰਦੀ-ਮਰਦੀ ਬਚੀ । ਇਹ ਔਰਤ ਰੋਮ ਦੀ ਮੈਟਰੋ ਵਿੱਚ ਸਫਰ ਕਰਣ ਲਈ ਚੜ੍ਹੀ ਸੀ ਪਰ ਉਤਰਦੇ ਸਮੇਂ ਉਸ ਦਾ ਬੈਗ ਗੇਟ ਵਿਚ ਫਸ ਗਿਆ । ਮੈਟਰੋ ਜਿਵੇਂ ਹੀ ਚੱਲੀ ਔਰਤ ਪਲੈਟਫਾਰਮ ਉੱਤੇ ਘੜੀਸ ਹੁੰਦੀ ਗਈ। ਡਰਾਈਵਰ ਨੂੰ ਵੀ ਗੇਟ ਬੰਦ ਕਰਦੇ ਹੋਇਆਂ ਇਸ ਬਾਰੇ ਪਤਾ ਹੀ ਨਹੀਂ ਲੱਗਾ , ਕਿਉਂਕਿ ਉਸਦਾ ਸਾਰਾ ਧਿਆਨ ਤਾਂ ਖਾਣਾ ਖਾਣ ਵਿਚ ਸੀ ।

 
ਇਹ ਪੂਰੀ ਘਟਨਾ ਪਲੈਟਫਾਰਮ ਉੱਤੇ ਲੱਗੇ ਇੱਕ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਇਸ 'ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮੈਟਰੋ ਦੇ ਚਲਣ ਮਗਰੋਂ ਔਰਤ ਪਲੈਟਫਾਰਮ ਉੱਤੇ ਡਿੱਗ ਜਾਂਦੀ ਹੈ ਅਤੇ ਕਾਫੀ ਦੂਰ ਤੱਕ ਘੜੀਸ ਹੁੰਦੀ ਜਾਂਦੀ ਹੈ। ਇਸ ਦੌਰਾਨ ਇੱਕ ਵਿਅਕਤੀ ਨੇ ਆ ਕੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਗੱਡੀ ਨੂੰ ਰੁਕਣ ਲਈ ਝੰਡੀ ਵੀ ਦਿਖਾਈ ਗਈ ਪਰ ਕਿਸੇ ਦਾ ਵੀ ਇਸ ਵੱਲ ਧਿਆਨ ਹੀ ਨਾ ਗਿਆ।