ਸਿਰਫ ਇਸ ਗੱਲ ਕਾਰਨ ਔਰਤ ਨੇ ਹਸਪਤਾਲ ''ਚ ਪਾਇਆ ਭੜਥੂ, ਵੀਡੀਓ ਹੋਈ ਵਾਇਰਲ

06/22/2017 7:58:18 AM

ਮਿਸੀਸਾਗਾ— ਓਨਟਾਰੀਓ ਦੇ ਇੱਕ ਕਲੀਨਿਕ ਵਿੱਚ ਆਪਣੇ ਲੜਕੇ ਦੇ ਇਲਾਜ ਲਈ ਗੋਰੇ ਡਾਕਟਰ ਦੀ ਮੰਗ ਕਰਨ ਵਾਲੀ ਇੱਕ ਔਰਤ ਸਬੰਧੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਦੇਸ਼ ਭਰ ਵਿੱਚ ਇਸ ਮਸਲੇ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ।
ਇਹ ਵੀਡੀਓ ਮੌਕੇ ਉੱਤੇ ਮੌਜੂਦ ਇੱਕ ਵਿਅਕਤੀ ਵੱਲੋਂ ਰਿਕਾਰਡ ਕੀਤਾ ਗਿਆ ਤੇ ਉਸ ਨੇ ਇਸ ਨੂੰ ਆਨਲਾਈਨ ਪੋਸਟ ਕਰ ਦਿੱਤਾ। ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਔਰਤ ਕਲੀਨਿਕ ਵਿੱਚ ਮੌਜੂਦ ਅਮਲੇ ਤੇ ਮਰੀਜ਼ਾਂ ਨਾਲ ਚਾਰ ਮਿੰਟ ਤੱਕ ਇਹੋ ਬਹਿਸ ਕਰਦੀ ਰਹੀ ਕਿ ਉਹ ਆਪਣੇ ਲੜਕੇ ਦਾ ਇਲਾਜ ਕਿਸੇ ਗੋਰੇ ਡਾਕਟਰ ਤੋਂ ਹੀ ਕਰਵਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਗੋਰੇ ਡਾਕਟਰ ਕੋਲ ਹੀ ਭੇਜਿਆ ਜਾਵੇ।


ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਲੀਨਿਕ ਵਿੱਚ ਦਾਖਲ ਹੁੰਦੇ ਸਾਰ ਔਰਤ ਨੇ ਵੇਟਿੰਗ ਰੂਮ ਵਿੱਚ ਮੌਜੂਦ ਅਮਲਾ ਮੈਂਬਰ ਨੂੰ ਆਖਿਆ ਕਿ ਉਹ ਗੋਰੇ ਡਾਕਟਰ ਨੂੰ ਮਿਲਣਾ ਚਾਹੁੰਦੀ ਹੈ। ਉਸ ਦਾ ਲਗਭਗ ਅੱਠ ਸਾਲਾਂ ਦਾ ਲੜਕਾ ਵੀ ਵੀਡੀਓ ਵਿੱਚ ਆਰਾਮ ਨਾਲ ਪਿੱਛੇ ਬੈਠਾ ਨਜ਼ਰ ਆ ਰਿਹਾ ਹੈ। ਫਿਰ ਉਸ ਨੇ ਨਰਾਜ਼ ਹੁੰਦਿਆਂ ਕਿਹਾ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਇਸ ਪੂਰੀ ਬਿਲਡਿੰਗ ਵਿੱਚ ਕੋਈ ਵੀ ਗੋਰਾ ਡਾਕਟਰ ਨਹੀਂ ਹੈ?
ਅਮਲਾ ਮੈਂਬਰਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਬੱਚਿਆਂ ਦਾ ਗੋਰਾ ਡਾਕਟਰ ਸ਼ਾਮੀਂ 4:00 ਵਜੇ ਆਵੇਗਾ ਪਰ ਇਸ ਨਾਲ ਉਸ ਔਰਤ ਦੀ ਕੋਈ ਤਸੱਲੀ ਨਹੀਂ ਹੋਈ। ਉਸ ਨੇ ਇਹ ਸ਼ਿਕਾਇਤ ਜਾਰੀ ਰੱਖੀ ਕਿ ਸਾਢੇ ਪੰਜ ਘੰਟੇ ਤੱਕ ਉਸ ਨੇ ਇੱਕ ਬ੍ਰਾਊਨ ਡਾਕਟਰ ਨੂੰ ਦਿਖਾਉਣ ਲਈ ਇੰਤਜ਼ਾਰ ਕੀਤਾ, ਜਿਸ ਤੋਂ ਉਸ ਦੇ ਬੱਚੇ ਦੀ ਛਾਤੀ ਦੇ ਦਰਦ ਦਾ ਕੋਈ ਇਲਾਜ ਨਹੀਂ ਹੋ ਸਕਿਆ। ਉਸ ਨੇ ਇਹ ਵੀ ਕਿਹਾ ਕਿ ਉਸ ਡਾਕਟਰ ਤਾਂ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਸੀ ਬੋਲ ਪਾ ਰਿਹਾ ਤੇ ਉਸ ਦੇ ਦੰਦ ਵੀ ਭੂਰੇ ਸਨ। ਉਸ ਨੇ ਕਿਹਾ ਕਿ ਅਜਿਹੇ ਡਾਕਟਰ ਦੀ ਮਦਦ ਉਨ੍ਹਾਂ ਨੂੰ ਨਹੀਂ ਚਾਹੀਦੀ।
ਔਰਤ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਵੇਟਿੰਗ ਰੂਮ ਵਿੱਚ ਬੈਠੇ ਹੋਰਨਾਂ ਲੋਕਾਂ ਦਾ ਧਿਆਨ ਵੀ ਉੱਧਰ ਗਿਆ ਤੇ ਉਨ੍ਹਾਂ ਔਰਤ ਉੱਤੇ ਨਸਲੀ ਹੋਣ ਦਾ ਦੋਸ਼ ਲਾਇਆ। ਕਈਆਂ ਨੇ ਤਾਂ ਇਹ ਸਲਾਹ ਵੀ ਦਿੱਤੀ ਕਿ ਉਹ ਆਪਣੇ ਬੱਚੇ ਨੂੰ ਹਸਪਤਾਲ ਕਿਉਂ ਨਹੀਂ ਲੈ ਜਾਂਦੀ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਨਸਲੀ ਟਿੱਪਣੀ ਨਾਲ ਜਵਾਬ ਵੀ ਦਿੱਤਾ।
ਵੀਡੀਓ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਔਰਤ ਚਾਰ ਮਿੰਟ ਦੀ ਇਸ ਵੀਡੀਓ ਵਿੱਚ ਅੱਗ ਬਬੂਲਾ ਹੋ ਗਈ ਪਰ ਉਸ ਨੇ ਗੋਰੇ ਡਾਕਟਰ ਦੀ ਮੰਗ ਕਰਨੀ ਨਹੀਂ ਛੱਡੀ। ਉਸ ਨੇ ਗੁੱਸੇ ਵਿੱਚ ਇਹ ਵੀ ਆਖਿਆ ਕਿ ਹਾਏ ਰੱਬਾ! ਉਹ ਕਿਹੋ ਜਿਹੇ ਭਿਆਨਕ ਮੁਲਕ ਵਿੱਚ ਰਹਿ ਰਹੀ ਹੈ, ਇੱਥੇ ਤਾਂ ਗੋਰਾ ਹੋਣਾ ਵੀ ਗੁਨਾਹ ਹੈ ਤੇ ਇਸ ਲਈ ਉਸ ਨੂੰ ਖੁਦ ਨੂੰ ਗੋਲੀ ਮਾਰ ਲੈਣੀ ਚਾਹੀਦੀ ਹੈ। ਥੋੜ੍ਹੀ ਦੇਰ ਮਗਰੋਂ ਉਸ ਨੇ ਗੋਰੇ ਡਾਕਟਰ ਦੀ ਮੰਗ ਕਰਨੀ ਤਾਂ ਬੰਦ ਕਰ ਦਿੱਤੀ ਤੇ ਅਜਿਹੇ ਡਾਕਟਰ ਦੀ ਮੰਗ ਕਰਨ ਲੱਗੀ ਜਿਹੜਾ ਕੈਨੇਡਾ ਵਿੱਚ ਹੀ ਪੈਦਾ ਹੋਇਆ ਹੋਵੇ।
ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਖਿਆ ਕਿ ਇਸ ਸਾਰੇ ਘਟਨਾਕ੍ਰਮ ਤੋਂ ਉਹ ਸਦਮੇ ਵਿੱਚ ਹਨ ਤੇ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਤੋਂ ਘਿਣ ਆਉਂਦੀ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਵਿਵਹਾਰ ਜਾਂ ਨਸਲਵਾਦ ਤੇ ਅਜਿਹੀ ਨਫਰਤ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਆਖਿਆ ਕਿ ਅਜਿਹੀ ਘਟਨਾ ਨਾਲ ਸਾਨੂੰ ਸਾਰਿਆਂ ਨੂੰ ਤਕਲੀਫ ਪਹੁੰਚੀ ਹੈ।
ਇਸ ਵੀਡੀਓ ਨੂੰ ਬਣਾਉਣ ਵਾਲੇ ਹਿਤੇਸ ਭਾਰਦਵਾਜ ਨੇ ਆਖਿਆ ਕਿ ਉਨ੍ਹਾਂ ਨੂੰ ਵੀ ਇਹ ਸੱਭ ਵੇਖ ਕੇ ਬਹੁਤ ਬੁਰਾ ਲੱਗਿਆ। ਕਿਸੇ ਵੀ ਡਰ ਜਾਂ ਸਰਮ ਤੋਂ ਬਿਨਾਂ ਨਿਧੜਕ ਹੋ ਕੇ ਉਹ ਔਰਤ ਖੁੱਲ੍ਹੇਆਮ ਇਹੋ ਜਿਹੀਆਂ ਨਸਲਵਾਦੀ ਟਿੱਪਣੀਆਂ ਕਰੀ ਜਾ ਰਹੀ ਸੀ ਤੇ ਉਸ ਨੂੰ ਇਹ ਡਰ ਵੀ ਨਹੀਂ ਸੀ ਕਿ ਕੋਈ ਉਸ ਦੀ ਸਿਕਾਇਤ ਕਰ ਸਕਦਾ ਹੈ। ਇਹ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸੀ। ਪੰਜ ਸਾਲ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਆ ਵੱਸੇ ਭਾਰਦਵਾਜ ਦਾ ਕਹਿਣਾ ਹੈ ਕਿ ਉਸ ਨੂੰ ਇਸ ਵਿੱਚ ਕੋਈ ਸੱਕ ਨਹੀਂ ਸੀ ਕਿ ਕਲੀਨਿਕ ਉੱਤੇ ਜੋ ਕੁੱਝ ਹੋਇਆ ਉਹ ਗਲਤ ਸੀ। ਉਸ ਨੇ ਦੱਸਿਆ ਕਿ ਸਾਰਾ ਦਿਨ ਉਹ ਇਸ ਘਟਨਾ ਨੂੰ ਲੈ ਕੇ ਪਰੇਸਾਨ ਹੀ ਰਿਹਾ।
ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਵੀ ਸੱਦਿਆ ਗਿਆ ਪਰ ਕਾਂਸਟੇਬਲ ਮਾਰਕ ਫਿਸਰ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਮੁਜਰਮਾਨਾ ਅਪਰਾਧ ਨਹੀਂ ਹੋਇਆ ਇਸ ਲਈ ਕੋਈ ਔਰਤ ਖਿਲਾਫ ਕੋਈ ਮਾਮਲਾ ਨਹੀਂ ਬਣਦਾ। ਇਹ ਵੀ ਪਤਾ ਲੱਗਿਆ ਹੈ ਕਿ ਇਹ ਔਰਤ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਨਸਲੀ ਟੀਕਾ ਟਿੱਪਣੀਆਂ ਕਰਦੀ ਰਹਿੰਦੀ ਹੈ। ਜਦੋਂ ਸਬੰਧਤ ਔਰਤ ਨੂੰ ਟਿੱਪਣੀ ਕਰਨ ਲਈ ਆਖਿਆ ਗਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ।