ਕੈਲਗਰੀ 'ਚ ਬਦਲੇ ਮੌਸਮ ਦੇ ਮਿਜ਼ਾਜ, ਤੂਫਾਨ ਆਉਣ ਦੀ ਚਿਤਾਵਨੀ ਜਾਰੀ

07/14/2018 3:31:02 PM

ਕੈਲਗਰੀ,(ਏਜੰਸੀ)— ਕੈਨੇਡਾ ਦੇ ਮੌਸਮ ਵਿਭਾਗ ਨੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਕੁੱਝ ਘੰਟਿਆਂ ਤਕ ਮੌਸਮ ਖਰਾਬ ਰਹੇਗਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਅਲਬਰਟਾ 'ਚ ਤੂਫਾਨ ਆਉਣ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਕੁੱਝ ਹਿੱਸਿਆ 'ਚ ਟੋਰਾਂਡੋ ਤੂਫਾਨ ਆਵੇ ਜੋ ਵਧੇਰੇ ਭਿਆਨਕ ਹੁੰਦਾ ਹੈ।
ਹੁਣ ਵੀ ਅਲਬਰਟਾ 'ਚ ਕਈ ਥਾਵਾਂ 'ਤੇ ਮੌਸਮ ਖਰਾਬ ਹੈ। ਮੌਸਮ ਵਿਭਾਗ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਕਿ ਸ਼ੁੱਕਰਵਾਰ ਰਾਤ ਨੂੰ ਕੈਲਗਰੀ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਰਾਤ 10.30 ਵਜੇ ਤਕ ਹਰ ਪਾਸੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਇਸ ਵਿਅਕਤੀ 'ਤੇ ਦਰੱਖਤ ਦਾ ਟਾਹਣ ਟੁੱਟ ਕੇ ਡਿਗ ਗਿਆ ਸੀ।


ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਨੂੰ ਹੀ ਚਿਤਾਵਨੀ ਦਿੱਤੀ ਸੀ ਕਿ ਤੇਜ਼ ਹਵਾਵਾਂ ਕਾਰਨ ਇਮਾਰਤਾਂ ਢਹਿ ਸਕਦੀਆਂ ਹਨ ਅਤੇ ਦਰੱਖਤਾਂ ਆਦਿ ਦੇ ਟੁੱਟ ਕੇ ਡਿਗਣ ਦਾ ਵੀ ਖਦਸ਼ਾ ਹੈ, ਇਸ ਲਈ ਲੋਕ ਵਧੇਰੇ ਧਿਆਨ ਰੱਖਣ ਅਤੇ ਸੜਕ 'ਤੇ ਜਾਣ ਸਮੇਂ ਅਣਗਹਿਲੀ ਨਾ ਵਰਤਣ। ਉਨ੍ਹਾਂ ਕਿਹਾ ਕਿ ਗੱਡੀਆਂ ਚਲਾਉਂਦੇ ਹੋਏ ਵਧੇਰੇ ਧਿਆਨ ਰਖੋ। ਬਹੁਤ ਸਾਰੀਆਂ ਗਲੀਆਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇੱਥੇ ਸ਼ੁੱਕਰਵਾਰ ਨੂੰ 39ਵੀਂ ਮੰਜ਼ਲ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਕੇ ਹੇਠਾਂ ਡਿੱਗ ਗਿਆ ਸੀ। ਰਾਤ 11.30 ਵਜੇ ਇਸ ਸੜਕ ਨੂੰ ਦੋਬਾਰਾ ਖੋਲ੍ਹਿਆ ਗਿਆ।