ਆਸਟ੍ਰੇਲੀਆ : ਜੰਗਲੀ ਅੱਗ ਕਾਰਨ 30 ਘਰ ਹੋਏ ਬਰਬਾਦ

10/09/2019 12:52:37 PM

ਪਰਥ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਜੰਗਲੀ ਅੱਗ ਨੇ ਇਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। 40 ਥਾਵਾਂ 'ਤੇ ਜੰਗਲੀ ਅੱਗ ਦਾ ਕਹਿਰ ਮਚਿਆ ਹੋਇਆ ਹੈ। ਲਗਭਗ 500 ਫਾਇਰ ਫਾਈਟਰਜ਼ ਅੱਗ ਨੂੰ ਬੁਝਾਉਣ ਲਈ ਲੱਗੇ ਹੋਏ ਹਨ। ਜਾਣਕਾਰੀ ਮੁਤਾਬਕ ਉੱਤਰੀ ਆਸਟ੍ਰੇਲੀਆ 'ਚ 30 ਤੋਂ ਵਧੇਰੇ ਘਰ ਅੱਗ ਕਾਰਨ ਬਰਬਾਦ ਹੋ ਗਏ ਹਨ। ਹਵਾਵਾਂ ਵਗਣ ਕਾਰਨ ਮੌਸਮ ਪਹਿਲਾਂ ਨਾਲੋਂ ਕੁੱਝ ਠੰਡਾ ਜ਼ਰੂਰ ਹੋਇਆ ਹੈ ਪਰ ਫਿਰ ਵੀ ਅੱਗ ਹੋਰ ਫੈਲਣ ਦਾ ਖਦਸ਼ਾ ਹੈ।
 

ਲਗਭਗ 100000 ਹੈਕਟੇਅਰ ਜ਼ਮੀਨ ਅੱਗ ਦੀ ਲਪੇਟ 'ਚ ਹੈ । 250 ਦੀ ਆਬਾਦੀ ਵਾਲਾ ਪਿੰਡ ਰੈਪਵਿਲੇ ਇਸ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ। ਲੋਕਾਂ ਲਈ ਸ਼ੈਲਟਰ ਹੋਮ ਵਜੋਂ ਸਕੂਲ ਨੂੰ ਖੋਲ੍ਹਿਆ ਗਿਆ ਤੇ ਇੱਥੇ ਲਗਭਗ 50 ਲੋਕਾਂ ਨੇ ਰਾਤ ਬਤੀਤ ਕੀਤੀ।

ਨਿਊ ਸਾਊਥ ਵੇਲਜ਼ ਦੇ ਪੇਂਡੂ ਫਾਇਰ ਸਰਵਿਸ ਦੇ ਡਿਪਟੀ ਕਮਿਸ਼ਨਰ ਰੋਬ ਰੋਗਰਸ ਨੇ ਕਿਹਾ ਕਿ ਕੁੱਝ ਲੋਕ ਹਲਕੇ ਜਿਹੇ ਝੁਲਸ ਗਏ ਹਨ ਤੇ ਕਈਆਂ ਨੂੰ ਸਾਹ ਸਬੰਧੀ ਸਮੱਸਿਆ ਆ ਰਹੀ ਹੈ। ਇਸ ਕਾਰਨ ਕੁੱਝ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਦੀ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ। ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਉਹ ਜਾਂਚ ਕਰ ਰਹੇ ਹਨ ਕਿ ਅੱਗ ਕਾਰਨ ਕਿੰਨਾ ਕੁ ਨੁਕਸਾਨ ਹੋਇਆ ਹੈ।

ਜਦ ਤਕ ਇਲਾਕਾ ਸੁਰੱਖਿਅਤ ਨਹੀਂ ਹੋ ਜਾਂਦਾ ਤਦ ਤਕ ਲੋਕਾਂ ਨੂੰ ਵਾਪਸ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਬਿਜਲੀ ਸੇਵਾ ਠੱਪ ਹੋ ਗਈ ਹੈ ਤੇ ਕਈ ਥਾਵਾਂ 'ਤੇ ਦਰੱਖਤ ਡਿੱਗੇ ਹੋਏ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਇਹ ਕਾਫੀ ਖਤਰਨਾਕ ਸਥਿਤੀ ਹੈ। ਖੁਸ਼ਕਿਸਮਤੀ ਹੈ ਕਿ ਕਿਸੇ ਦੀ ਜਾਨ ਨਹੀਂ ਗਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਤਦ ਤਕ ਸਥਿਤੀ ਕਿਹੋ ਜਿਹੀ ਹੁੰਦੀ ਹੈ, ਕਿਹਾ ਨਹੀਂ ਜਾ ਸਕਦਾ।