ਕਿਸ ਨੂੰ ਮਿਲੇਗੀ ਕੋਰੋਨਾ ਦੀ ਸਭ ਤੋਂ ਪਹਿਲੀ ਵੈਕਸੀਨ ? ਇਹ ਮੁਲਕ ਹਨ ਦੌੜ 'ਚ ਸਭ ਤੋਂ ਅੱਗੇ

09/26/2020 2:57:42 AM

ਬੀਜ਼ਿੰਗ - ਕੋਵਿਡ-19 ਦੀ ਚੀਨ ਵਿਚ ਵਿਕਸਤ ਵੈਕਸੀਨ ਨੂੰ ਪਹਿਲਾ ਪਾਉਣ ਵਾਲੇ ਦੇਸ਼ਾਂ ਵਿਚ ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਤੁਰਕੀ ਸ਼ਾਮਲ ਹਨ ਜਿਥੇ ਇਸ ਵੈਕਸੀਨ ਦੇ ਤੀਜੇ ਪੜਾਅ ਦੇ ਕਲੀਨਿਕਲ ਪ੍ਰੀਖਣ ਚੱਲ ਰਹੇ ਹਨ। ਸਿਨੋਵੈਕ ਡਿਵੈਲਪਰ ਦੇ ਸੀ. ਈ. ਓ. ਯੀਨ ਵੇਇਦੋਂਗ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਵੇਇਦੋਂਗ ਨੇ ਕਿਹਾ ਕਿ ਅਸੀਂ ਬ੍ਰਾਜ਼ੀਲ ਵਿਚ 21 ਜੁਲਾਈ, ਇੰਡੋਨੇਸ਼ੀਆ ਵਿਚ 1 ਅਗਸਤ ਨੂੰ ਅਤੇ ਤੁਰਕੀ ਵਿਚ 16 ਸਤੰਬਰ ਨੂੰ ਕਲੀਨਿਕਲ ਪ੍ਰੀਖਣ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਬੰਗਲਾਦੇਸ਼ ਵਿਚ ਵੀ ਇਸ ਦੇ ਲਈ ਮਨਜ਼ੂਰੀ ਹਾਸਲ ਹੋ ਗਈ ਹੈ।

ਪਹਿਲ ਦੇ ਆਧਾਰ 'ਤੇ ਵੈਕਸੀਨ ਦਾ ਪਹਿਲਾ ਲਾਟ ਚੀਨ ਦੇ ਨਾਲ ਹੀ ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਤੁਰਕੀ ਵਿਚ ਵੰਡ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕੰਪਨੀ ਪਹਿਲਾਂ ਤੋਂ ਹੀ ਵੈਕਸੀਨ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਇਕ ਪਲਾਂਟ ਦਾ ਨਿਰਮਾਣ ਕਰ ਰਹੀ ਹੈ। ਉਨਾਂ ਨੇ ਵੈਕਸੀਨ ਦੀ ਅਨੁਮਾਨਤ ਲਾਗਤ ਦੀ ਜਾਣਕਾਰੀ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਸ ਦਾ ਮੁੱਲ ਕਈ ਤਰ੍ਹਾਂ ਦੇ ਕਾਰਕਾਂ 'ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਸਿਨੋਵੈਕ ਵੈਕਸੀਨ ਇਸ ਸਾਲ ਦੇ ਆਖਿਰ ਤੱਕ ਬਜ਼ਾਰਾਂ ਵਿਚ ਆਉਣ ਦੀ ਉਮੀਦ ਜਤਾਈ ਹੈ।

Khushdeep Jassi

This news is Content Editor Khushdeep Jassi