ਮੰਕੀਪਾਕਸ ਦੇ ਖ਼ਤਰੇ ਦੌਰਾਨ WHO ਦਾ ਖ਼ੁਲਾਸਾ, 100 ਫ਼ੀਸਦੀ ਪ੍ਰਭਾਵਸ਼ਾਲੀ ਨਹੀਂ 'ਵੈਕਸੀਨ'

08/18/2022 12:31:48 PM

ਜਿਨੇਵਾ (ਏਜੰਸੀ): ਡਬਲਯੂ.ਐੱਚ.ਓ. ਦੇ ਤਕਨੀਕੀ ਮੁਖੀ ਰੋਸਾਮੰਡ ਲੇਵਿਸ ਨੇ ਬੁੱਧਵਾਰ ਨੂੰ ਕਿਹਾ ਕਿ ਮੰਕੀਪਾਕਸ ਦੇ ਵਿਰੁੱਧ ਟੀਕੇ 100 ਫ਼ੀਸਦੀ ਪ੍ਰਭਾਵਸ਼ਾਲੀ ਨਹੀਂ ਹਨ ਅਤੇ ਇਸ ਲਈ ਲੋਕਾਂ ਨੂੰ ਆਪਣੇ ਲਾਗ ਦੇ ਜੋਖ਼ਮ ਨੂੰ ਘੱਟ ਕਰਨਾ ਚਾਹੀਦਾ ਹੈ। 92 ਤੋਂ ਵੱਧ ਦੇਸ਼ਾਂ ਵਿੱਚ ਮੰਕੀਪਾਕਸ ਦੇ 35,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਬਿਮਾਰੀ ਕਾਰਨ 12 ਮੌਤਾਂ ਹੋਈਆਂ ਹਨ। ਇੱਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਲੇਵਿਸ ਨੇ ਕਿਹਾ ਕਿ ਡਬਲਯੂ.ਐੱਚ.ਓ. ਨੂੰ ਉਮੀਦ ਨਹੀਂ ਹੈ ਕਿ ਇਹ ਟੀਕੇ ਮੰਕੀਪਾਕਸ ਨੂੰ ਰੋਕਣ ਵਿਚ 100 ਫ਼ੀਸਦੀ ਪ੍ਰਭਾਵੀ ਹੋਣਗੇ। ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਕਿਹਾ ਕਿ ਪਿਛਲੇ ਹਫ਼ਤੇ ਲਗਭਗ 7,500 ਮਾਮਲੇ ਸਾਹਮਣੇ ਆਏ ਸਨ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 20 ਫ਼ੀਸਦੀ ਵੱਧ ਹਨ।

ਇਹ ਵੀ ਪੜ੍ਹੋ: ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ, ਲਪੇਟ 'ਚ ਆਈ ਯਾਤਰੀ ਬੱਸ (ਵੀਡੀਓ)

ਡਬਲਯੂ.ਐੱਚ.ਓ. ਮੁਖੀ ਨੇ ਇਹ ਵੀ ਕਿਹਾ ਕਿ ਮੰਕੀਪਾਕਸ ਦੇ ਜ਼ਿਆਦਾਤਰ ਮਾਮਲੇ ਯੂਰਪ ਅਤੇ ਅਮਰੀਕਾ ਤੋਂ ਸਾਹਮਣੇ ਆ ਰਹੇ ਹਨ ਅਤੇ ਜ਼ਿਆਦਾਤਰ ਮਾਮਲੇ ਮਰਦਾਂ ਨਾਲ ਜਿਣਸੀ ਸਬੰਧ ਬਣਾਉਣ ਵਾਲੇ ਮਰਦਾਂ ਵਿਚ ਦੇਖੇ ਗਏ ਹਨ। ਜ਼ਿਆਦਾਤਰ ਲੋਕ ਆਮ ਤੌਰ 'ਤੇ ਬਿਨਾਂ ਇਲਾਜ ਦੇ ਕੁਝ ਹਫ਼ਤਿਆਂ ਦੇ ਅੰਦਰ ਮੰਕੀਪਾਕਸ ਤੋਂ ਠੀਕ ਹੋ ਜਾਂਦੇ ਹਨ। ਲੱਛਣ ਸ਼ੁਰੂ ਵਿੱਚ ਫਲੂ ਵਰਗੇ ਹੁੰਦੇ ਹਨ, ਜਿਵੇਂ ਕਿ ਬੁਖਾਰ, ਠੰਢ ਲੱਗਣਾ ਅਤੇ ਲਿੰਫ ਨੋਡ ਵਿਚ ਸੋਜ, ਜਿਸਦੇ ਬਾਅਦ ਧੱਫੜ ਹੋਣ ਲੱਗਦੇ ਹਨ। ਡਬਲਯੂ.ਐੱਚ.ਓ. ਅਨੁਸਾਰ ਇਹ ਬਿਮਾਰੀ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਉਹਨਾਂ ਵਿਅਕਤੀਆਂ ਵਿੱਚ ਵਧੇਰੇ ਗੰਭੀਰ ਹੋ ਸਕਦੀ ਹੈ, ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਹੁੰਦੀ ਹੈ। ਮੰਕੀਪਾਕਸ ਵਾਇਰਸ ਆਸਾਨੀ ਨਾਲ ਪ੍ਰਸਾਰਿਤ ਨਹੀਂ ਹੁੰਦਾ ਹੈ ਅਤੇ ਆਮ ਤੌਰ 'ਤੇ ਕਿਸੇ ਲਾਗ ਵਾਲੇ ਵਿਅਕਤੀ ਨਾਲ ਜਿਣਸੀ ਸੰਪਰਕ ਸਮੇਤ ਨਜ਼ਦੀਕੀ ਸਰੀਰਕ ਸੰਪਰਕ ਨਾਲ ਫੈਲਦਾ ਹੈ।

ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry