ਜਦੋਂ ਇੱਕ ਵੱਡਾ 'ਬੱਦਲ' ਸਮੁੰਦਰ 'ਚ ਪਾਣੀ 'ਤੇ ਤੈਰਨ ਲੱਗਾ, ਫੋਟੋਗ੍ਰਾਫਰ ਨੇ ਕੈਦ ਕੀਤਾ ਦੁਰਲੱਭ ਨਜ਼ਾਰਾ

12/03/2021 12:45:49 PM

ਮੈਲਬੌਰਨ (ਬਿਊਰੋ): ਕੁਦਰਤ ਦੇ ਸ਼ਾਨਦਾਰ ਦ੍ਰਿਸ਼ ਅੱਜ ਵੀ ਇਨਸਾਨਾਂ ਨੂੰ ਹੈਰਾਨ ਕਰ ਦਿੰਦੇ ਹਨ। ਆਸਟ੍ਰੇਲੀਆ ਦੇ ਇਕ ਫੋਟੋਗ੍ਰਾਫਰ ਨੇ ਆਪਣੀ ਜਾਨ ਜੋਖਮ ਵਿਚ ਪਾ ਕੇ ਅਜਿਹਾ ਸ਼ਾਨਦਾਰ ਨਜ਼ਾਰਾ ਕੈਦ ਕੀਤਾ ਹੈ, ਜੋ ਕੁਦਰਤ ਦੇ ਇਕ ਹੋਰ ਚਮਤਕਾਰ ਦਾ ਨਮੂਨਾ ਹੈ। ਆਸਟ੍ਰੇਲੀਆ ਵਿਚ ਭਿਆਨਕ ਤੂਫਾਨ ਸਮੇਂ ਜਦੋਂ ਜਿਆਦਾਤਰ ਲੋਕ ਘਰਾਂ ਵਿਚ ਕੈਦ ਸਨ, ਉਦੋਂ ਇਕ ਫੋਟੋਗ੍ਰਾਫਰ ਨੇ ਆਪਣੀ ਜਾਨ ਜੋਖਮ ਵਿਚ ਪਾਕੇ ਅਦਭੁੱਤ ਨਜ਼ਾਰਾ ਆਪਣੇ ਕੈਮਰੇ ਵਿਚ ਕੈਦ ਕੀਤਾ।

ਇਹ ਅਦਭੁੱਤ ਨਜ਼ਾਰਾ ਵੀਰਵਾਰ ਨੂੰ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਫ੍ਰੈਂਕਸਟਨ ਵਿਚ ਕੈਦ ਕੀਤਾ ਗਿਆ। ਵੇਗਨ ਲਾਜ ਨਾਮ ਦੇ ਫੋਟੋਗ੍ਰਾਫਰ ਨੇ ਇਸ ਤਸਵੀਰ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ। ਉਹਨਾਂ ਨੇ ਇਸ ਤਸਵੀਰ ਨੂੰ ਆਪਣੀਆਂ ਪੰਜ ਸਭ ਤੋਂ ਬਿਹਤਰੀਨ ਤਸਵੀਰਾਂ ਵਿਚੋਂ ਇਕ ਕਰਾਰ ਦਿੱਤਾ ਹੈ। ਫੋਟੋਗ੍ਰਾਫਰ ਵੇਗਨ ਲਾਜ ਨੇ ਕਿਹਾ ਕਿ ਜਿਸ ਸਮੇਂ ਭਿਆਨਕ ਤੂਫਾਨ ਆਇਆ ਸੀ ਅਤੇ ਵੱਡੇ-ਵੱਡੇ ਗੜੇ ਡਿੱਗਣ ਦੀ ਸੰਭਾਵਨਾ ਸੀ ਅਤੇ ਬੱਦਲ ਵੀ ਕਾਫੀ ਗਰਜ ਰਹੇ ਸਨ ਉਸ ਸਮੇਂ ਉਹ ਆਪਣੇ ਕੈਮਰੇ ਨਾਲ ਤੂਫਾਨ ਨੂੰ ਕੈਪਚਰ ਕਰਨ ਲਈ ਨਿਕਲ ਪਏ ਸਨ। ਉਹਨਾਂ ਨੂੰ ਪੂਰੀ ਆਸ ਸੀ ਕਿ ਉਹ ਦੁਰਲੱਭ ਨਜ਼ਾਰੇ ਆਪਣੇ ਕੈਮਰੇ ਵਿਚ ਕੈਦ ਕਰਨਗੇ ਅਤੇ ਫਿਰ ਉਹ ਇਸ ਵਿਚ ਸਫਲ ਵੀ ਹੋਏ।

ਸ਼ੈਲਫ ਕਲਾਉਡ ਨੂੰ ਕੈਮਰੇ ਵਿਚ ਕੀਤਾ ਕੈਦ
ਵੇਗਨ ਨੇ ਸਮੁੰਦਰ ਵਿਚ ਤੈਰ ਰਹੇ ਵਿਸ਼ਾਲ ਬੱਦਲ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ, ਜਿਸ ਨੂੰ 'ਸ਼ੈਲਫ ਕਲਾਉਡ' ਕਿਹਾ ਜਾਂਦਾ ਹੈ। ਇਹ ਬੱਦਲ ਸਮੁੰਦਰ ਵਿਚ ਪਾਣੀ ਦੀ ਸਤਹਿ 'ਤੇ ਤੈਰ ਰਿਹਾ ਸੀ ਅਤੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰਿਆ ਹੋਇਆ ਸੀ। ਸਮੁੰਦਰ 'ਤੇ ਤੈਰਦਾ ਇਹ ਬੱਦਲ ਕਿਸੇ ਵਿਸ਼ਾਲ ਵ੍ਹੇਲ ਮੱਛੀ ਵਾਂਗ ਦਿਸ ਰਿਹਾ ਸੀ। ਵੈਗਨ ਨੇ ਬ੍ਰਿਟਿਸ਼ ਅਖ਼ਬਾਰ ਡੇਲੀ ਮੇਲ ਨਾਲ ਗੱਲ ਕਰਦਿਆਂ ਦੱਸਿਆ ਕਿ ਮੈਨੂੰ ਪਤਾ ਸੀ ਕਿ ਖਾੜੀ ਖੇਤਰ ਵਿਚ ਭਿਆਨਕ ਤੂਫਾਨ ਆਉਣ ਵਾਲਾ ਹੈ। ਇਸ ਲਈ ਮੈਂ ਨਿਸ਼ਚਿਤ ਤੌਰ 'ਤੇ ਇਸ ਨੂੰ ਕਵਰ ਕਰਨ ਲਈ ਬਾਹਰ ਨਿਕਲ ਗਿਆ ਸੀ।

121 ਸਾਲ ਪਹਿਲਾਂ ਆਇਆ ਸੀ ਅਜਿਹਾ ਤੂਫਾਨ
ਆਸਟ੍ਰੇਲੀਆਈ ਫੋਟੋਗ੍ਰਾਫਰ ਨੇ ਲਾ ਨੀਨਾ ਮੌਸਮ ਪੈਟਰਨ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ। ਇਸੇ ਦੌਰਾਨ ਕੈਮਰੇ ਵਿਚ ਸਮੁੰਦਰ 'ਤੇ ਤੈਰਦੇ ਬੱਦਲ ਨੂੰ ਲੁੜਕਦੇ ਹੋਏ ਕੈਦ ਕੀਤਾ ਗਿਆ। ਇੱਥੇ ਦੱਸ ਦਈਏ ਕਿ ਅਜਿਹੇ ਤੂਫਾਨ ਨੂੰ ਅੱਜ ਤੋਂ 121 ਸਾਲ ਪਹਿਲਾਂ ਸਾਲ 1900 ਵਿਚ ਦੇਖਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਮਛੇਰੇ ਨੂੰ ਸਮੁੰਦਰ 'ਚ ਮਿਲੀ 'ਚੀਜ਼ਬਰਗਰ' ਜਿਹੀ ਅਜੀਬੋ-ਗਰੀਬ 'ਮੱਛੀ', ਤਸਵੀਰ ਵਾਇਰਲ

ਜਾਣੋ ਸ਼ੈਲਫ ਕਲਾਉਡ ਬਾਰੇ
ਸ਼ੈਲਫ ਕਲਾਉਡ ਇਕ ਘੱਟ ਖਿਤਿਜੀ wedge ਆਕਾਰ ਦਾ ਬੱਦਲ ਹੁੰਦਾ ਹੈ ਅਤੇ ਇਹ ਮੂਲ ਬੱਦਲ ਦੇ ਆਧਾਰ ਨਾਲ ਜੁੜਿਆ ਹੁੰਦਾ ਹੈ ਜੋ ਆਮਤੌਰ 'ਤੇ ਗਰਜ਼ ਵਾਲਾ ਕਮਿਊਲੋਨਿਮਬਸ ਹੁੰਦਾ ਹੈ। ਰਾਇਜਿੰਗ ਕਲਾਉਡ ਮੋਸ਼ਨ ਨੂੰ ਅਕਸਰ ਸ਼ੈਲਫ ਕਲਾਉਡ ਦੇ ਬਾਹਰੀ ਹਿੱਸੇ ਵਿਚ ਦੇਖਿਆ ਜਾ ਸਕਦਾ ਹੈ ਜਦਕਿ ਅੰਡਰਸਾਈਡ ਅਕਸਰ ਅਸ਼ਾਂਤ ਅਤੇ ਹਵਾ ਵਿਚ ਫਟਿਆ ਦਿਖਾਈ ਦਿੰਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana