ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕੀ ਕਰਨਗੇ ਟਰੰਪ ? ਜਾਣੋ ਪਲਾਨ-B ਬਾਰੇ

11/12/2020 2:02:26 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਭਾਂਵੇ ਹੀ ਡੋਨਾਲਡ ਟਰੰਪ ਸਵੀਕਾਰ ਨਾ ਕਰ ਰਹੇ ਹੋਣ, ਉਨ੍ਹਾਂ ਦਾ ਕੈਂਪ ਵਿਕਲਪ ਦੀ ਭਾਲ ਕਰਨ ਵਿਚ ਲੱਗਾ ਹੈ। ਰਿਪੋਰਟਸ ਮੁਤਾਬਕ ਟਰੰਪ ਨੂੰ 10 ਕਰੋੜ ਡਾਲਰ ਦੀ ਬੁੱਕ ਅਤੇ ਟੀ. ਵੀ. ਡੀਲ ਆਫਰ ਕੀਤੀ ਗਈ ਹੈ। ਉਨ੍ਹਾਂ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਚੋਣਾਂ ਹਾਰਣ ਦੀ ਸਥਿਤੀ ਵਿਚ ਇਸ ਨੂੰ ਪਲਾਨ-ਬੀ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਸੂਤਰ ਮੁਤਾਬਕ ਰਾਸ਼ਟਰਪਤੀ 'ਤੇ ਅਜਿਹੇ ਆਫਰ ਦੀ ਬਰਸਾਤ ਜਾਰੀ ਹੈ। ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿਚ ਬਿਤਾਏ ਵੇਲੇ 'ਤੇ ਕਿਤਾਬ ਲਿਖਣ ਤੋਂ ਲੈ ਕੇ ਦੱਖਣਪੰਥੀ ਟੀ. ਵੀ. ਆਊਟਲੈੱਟਸ ਤੋਂ ਵੀ ਆਫਰ ਆ ਰਹੇ ਹਨ।

ਪਹਿਲਾਂ ਵੀ ਲਿਖ ਚੁੱਕੇ ਹਨ ਕਿਤਾਬਾਂ
ਜ਼ਿਕਰਯੋਗ ਹੈ ਕਿ ਟਰੰਪ ਨੇ ਜੋਅ ਬਾਇਡੇਨ ਨੂੰ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਵੋਟਿੰਗ ਵਿਚ ਫਰਜ਼ੀਵਾੜੇ ਦਾ ਦੋਸ਼ ਲਾ ਰਹੇ ਹਨ। ਟਰੰਪ ਦੇ ਨਾਂ ਪਹਿਲਾਂ ਹੀ 19 ਕਿਤਾਬਾਂ ਹਨ ਜਿਨ੍ਹਾਂ ਵਿਚ ਕਾਰੋਬਾਰ ਤੋਂ ਲੈ ਕੇ ਗੋਲਫ ਤੱਕ ਦੀਆਂ ਗੱਲਾਂ ਸ਼ੁਮਾਰ ਹਨ। ਰਾਸ਼ਟਰਪਤੀ ਬਣਨ ਤੋਂ ਇਕ ਸਾਲ ਪਹਿਲਾਂ 2015 ਵਿਚ ਉਨ੍ਹਾਂ ਨੇ ਆਪਣੀ ਆਖਰੀ ਕਿਤਾਬ Crippled America ਲਿਖੀ ਸੀ। ਸਾਲ 2018 ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਈ ਬੈਸਟ-ਸੇਲਿੰਗ ਕਿਤਾਬਾਂ ਲਿਖੀਆਂ ਹਨ।

ਹਿੱਟ ਰਹੀਆਂ ਹਨ ਕਿਤਾਬਾਂ
ਦੱਸ ਦਈਏ ਕਿ ਵ੍ਹਾਈਟ ਹਾਊਸ ਤੋਂ ਨਿਕਲਣ ਵਾਲੀਆਂ ਹਸਤੀਆਂ ਨੂੰ ਅਜਿਹੇ ਆਫਰ ਮਿਲਦੇ ਰਹਿੰਦੇ ਹਨ ਕਿਉਂਕਿ ਪਾਠਕਾਂ ਨੂੰ ਇਹ ਜਾਣ ਵਿਚ ਦਿਲਚਸਪੀ ਰਹਿੰਦੀ ਹੈ ਕਿ ਸਰਕਾਰ ਦੇ ਉਸ ਅਹੁਦੇ 'ਤੇ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਡੇਲੀਮੇਲ ਦੀ ਰਿਪੋਰਟ ਮੁਤਾਬਕ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਫਸਟ ਲੇਡੀ ਮਿਸ਼ੇਲ ਓਬਾਮਾ ਨੂੰ ਕ੍ਰਾਉਨ ਨੇ 2017 ਵਿਚ 6.5 ਕਰੋੜ ਡਾਲਰ ਦੀ ਡੀਲ ਕੀਤੀ ਸੀ ਜਦਕਿ ਓਬਾਮਾ ਦੀ ਨਵੀਂ ਕਿਤਾਬ A Promised Land ਅਗਲੇ ਹਫਤੇ ਆਉਣ ਵਾਲੀ ਹੈ।

ਡਰੇ ਹਨ ਪ੍ਰਕਾਸ਼ਕ
ਹਾਲਾਂਕਿ, ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਕਾਸ਼ਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਟਰੰਪ ਦੇ ਕਾਨੂੰਨੀ ਝਮੇਲਿਆਂ ਵਿਚ ਘਿਰੇ ਹੋਣ ਦਾ ਉਨ੍ਹਾਂ ਨੂੰ ਨੁਕਸਾਨ ਨਾ ਚੁੱਕਣਾ ਪਵੇ। ਟਰੰਪ ਖਿਲਾਫ ਨਿਊਯਾਰਕ ਸਟੇਟ ਜਾਂਚ ਦੀ ਵਿੱਤੀ ਜਾਂਚ, ਈ ਜੀਨ ਕੈਰਲ ਦਾ ਮਾਣਹਾਨੀ ਜਿਹੇ ਹੋਰ 20 ਤੋਂ ਜ਼ਿਆਦਾ ਔਰਤਾਂ ਦੇ ਲਗਾਏ ਯੌਨ ਸ਼ੋਸ਼ਣ ਦੇ ਦੋਸ਼ ਹਨ। ਕਈ ਪ੍ਰਕਾਸ਼ਕਾਂ ਨੇ ਇਹ ਵੀ ਕਿਹਾ ਹੈ ਕਿ ਟਰੰਪ ਨੂੰ ਲੈ ਕੇ ਅਪੀਲ ਓਬਾਮਾ ਜਿਹੀ ਨਹੀਂ ਹੈ।

ਟਰੰਪ ਨੇ ਮੀਡੀਆ 'ਤੇ ਲਾਇਆ ਇਲਜ਼ਾਮ
ਦੱਸ ਦਈਏ ਕਿ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਹਾਰ ਦਾ ਠੀਕਰਾ ਮੁੱਖ ਧਾਰਾ ਦੀ ਮੀਡੀਆ 'ਤੇ ਸੁੱਟ ਦਿੱਤਾ ਹੈ। ਟਰੰਪ ਨੇ ਕਈ ਟਵੀਟ ਕਰ ਕਿਹਾ ਕਿ ਫਾਕਸ ਨਿਊਜ਼, ਏ. ਬੀ. ਸੀ. ਅਤੇ ਵਾਸ਼ਿੰਗਟਨ ਪੋਸਟ, ਐੱਨ. ਬੀ. ਸੀ. ਅਤੇ ਵਾਲ ਸਟ੍ਰੀਟ ਜਨਰਲ ਮੇਰੇ ਬਾਰੇ ਆਪਣੇ ਸਰਵੇਖਣਾਂ ਨੂੰ ਲੈ ਕੇ ਇੰਨੇ ਗਲਤ ਸਨ ਕਿ ਇਸ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ। ਟਰੰਪ ਨੇ ਕਿਹਾ ਕਿ ਉਹ ਆਪਣੇ ਸਰਵੇਖਣ ਵਿਚ ਅਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਕਿਤੇ ਅੱਗੇ ਚਲੇ ਗਏ ਅਤੇ ਇਸ ਨੂੰ ਚੋਣਾਂ ਵਿਚ ਦਖਲਅੰਦਾਜ਼ੀ ਮੰਨਿਆ ਜਾਣਾ ਚਾਹੀਦਾ ਹੈ।

Khushdeep Jassi

This news is Content Editor Khushdeep Jassi