ਅਮਰੀਕਾ ਗੋਲੀਬਾਰੀ : ਪੁਲਸ ਅਧਿਕਾਰੀ ਅਤੇ ਇਕ ਔਰਤ ਦੀ ਮੌਤ

07/16/2018 2:06:44 PM

ਬੋਸਟਨ,(ਭਾਸ਼ਾ)— ਬੋਸਟਨ ਦੇ ਦੱਖਣੀ ਇਲਾਕੇ 'ਚ ਸਥਿਤ ਵੈਮਾਊੁਥ 'ਚ ਮੈਸਾਚੁਸੇਟਸ ਪੁਲਸ ਦੇ ਇਕ ਅਧਿਕਾਰੀ ਅਤੇ ਰਾਹਗੀਰ ਔਰਤ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਮੂਨੁਏਲ ਲੋਪਸ ਨਾਂ ਦੇ ਸ਼ੱਕੀ ਨੇ ਪੁਲਸ ਅਧਿਕਾਰੀ ਮਾਈਕਲ ਚੇਸਨਾ ਦੀ ਬੰਦੂਕ ਖੋਹ ਲਈ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਕੱਲ ਸਵੇਰੇ 7:30 ਵਜੇ ਵੈਮਾਊੁਥ ਦੇ ਅਧਿਕਾਰੀ ਮਾਈਕਲ ਚੇਸਨਾ ਦੀ ਬੰਦੂਕ ਖੋਹ ਕੇ ਹਮਲਾਵਰ ਲੋਪਸ ਨੇ ਹਮਲਾ ਕੀਤਾ। ਚੇਸਨਾ ਨੂੰ ਸਾਊਥ ਸ਼ੋਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਵੈਮਾਊਥ ਪੁਲਸ ਦੇ ਮੁਖੀ ਰਿਚਰਡ ਗ੍ਰਾਈਸ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਸ਼ੱਕੀ 20 ਸਾਲਾ ਐਮੂਨੁਏਲ ਲੋਪਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। 
ਪੁਲਸ ਨੇ ਦੱਸਿਆ ਕਿ ਸ਼ੱਕੀ ਨੇ ਇਕ ਕਾਰ ਨੂੰ ਨੁਕਸਾਨ ਪਹੁੰਚਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀ ਚੇਸਨਾ ਨੇ ਬਾਅਦ 'ਚ ਉਸ ਨੂੰ ਇਕ ਘਰ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦੇਖਿਆ। ਵਕੀਲਾਂ ਨੇ ਦੱਸਿਆ ਕਿ ਦੋਸ਼ੀ ਨੇ ਪੱਥਰ ਨਾਲ ਚੇਸਨਾ ਦੇ ਸਿਰ 'ਤੇ ਹਮਲਾ ਕੀਤਾ ਤਾਂ ਉਹ ਜ਼ਮੀਨ 'ਤੇ ਡਿੱਗ ਗਏ। ਲੋਪਸ ਨੇ ਚੇਸਨਾ ਦੀ ਬੰਦੂਕ ਲੈ ਕੇ ਉਸ ਦੇ ਸਿਰ ਅਤੇ ਸੀਨੇ 'ਚ ਕਈ ਵਾਰ ਗੋਲੀਆਂ ਦਾਗੀਆਂ। ਇਸ ਦੇ ਬਾਅਦ ਲੋਪਸ ਮੌਕੇ ਤੋਂ ਫਰਾਰ ਹੋ ਗਿਆ ਅਤੇ ਭੱਜਣ ਸਮੇਂ ਵੀ ਉਸ ਨੇ ਕਈ ਗੋਲੀਆਂ ਚਲਾਈਆਂ, ਜਿਸ 'ਚ ਇਕ ਗੋਲੀ ਔਰਤ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।