'ਖਾਲਿਸਤਾਨ ਦੀ ਅਸੀਂ ਕਦੇ ਹਮਾਇਤ ਨਹੀਂ ਕੀਤੀ'

07/08/2019 9:11:49 PM

ਟੋਰਾਂਟੋ (ਏਜੰਸੀ)- ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ਆਯੋਜਿਤ ਗਲੋਬਲ ਇੰਡੀਅਨ ਐਵਾਰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੇ ਤੇ ਕੰਜ਼ਰਵੇਟਿਵ ਪਾਰਟੀ ਦੇ ਖਾਲਿਸਤਾਨੀਆਂ ਨਾਲ ਕੋਈ ਸਬੰਧ ਨਹੀਂ ਸਨ, ਜਿਹੜੇ ਭਾਰਤ ਦੇ ਟੁਕੜੇ ਕਰਨ ਦੇ ਚਾਹਵਾਨ ਹਨ। ਵਰਨਣਯੋਗ ਹੈ ਕਿ ਸਟੀਫਨ ਹਾਰਪਰ ਇੰਟਰਨੈਸ਼ਨਲ ਡੈਮੋਕਰੈਟਿਕ ਯੂਨੀਅਨ ਦੇ ਚੇਅਰਮੈਨ ਹਨ, ਜੋ ਕਿ ਵਿਸ਼ਵ ਦੀਆਂ ਮੱਧ-ਸੱਜੇ ਪੱਖੀ 80 ਸਿਆਸੀ ਪਾਰਟੀਆਂ ਦਾ ਗਠਜੋੜ ਹੈ, ਜਿਸ ਵਿੱਚ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਅਤੇ ਭਾਰਤ ਤੋਂ ਭਾਰਤੀ ਜਨਤਾ ਪਾਰਟੀ ਸ਼ਾਮਲ ਹਨ। ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ਇਸ ਸਾਲ ਦਾ ਗਲੋਬਲ ਇੰਡੀਅਨ ਐਵਾਰਡ ਸਟੀਫਨ ਹਾਰਪਰ ਨੂੰ ਦਿੱਤਾ ਗਿਆ ਹੈ, ਜਿਸਦੇ ਸਬੰਧ ਵਿੱਚ ਉਹ ਇਥੇ ਆਏ ਹੋਏ ਸਨ। ਸਟੀਫਨ ਹਾਰਪਰ ਮੁਤਾਬਕ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਦਦ ਕਰਨ ਲਈ ਤਿਆਰ ਹਨ।

ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਗਲੋਬਲ ਇੰਡੀਅਨ ਐਵਾਰਡ 2008 'ਚ ਆਰੰਭ ਹੋਏ ਸਨ, ਜਦੋਂ ਭਾਰਤ ਵਿੱਚ ਸੂਚਨਾ ਤਕਨਾਲੋਜੀ ਦਾ ਨਵਾਂ ਇਨਕਲਾਬ ਪੈਦਾ ਕਰਨ ਵਾਲੇ ਸੈਮ ਪਿਟਰੋਡਾ ਨੂੰ ਇਹ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੁਲਸੀ ਤਾਂਤੀ, ਰਤਨ ਟਾਟਾ, ਦੀਪਕ ਚੋਪੜਾ, ਨਰਾਇਣ ਮੂਰਥੀ, ਸੁਭਾਸ਼ ਚੰਦਰ, ਸਵਾਮੀ ਰਾਮਦੇਵ ਅਤੇ ਛੋਟੀ ਉਮਰ ਦੇ ਬੱਚੇ ਸਪਰਸ਼ ਸ਼ਾਹ ਨੂੰ ਇਹ ਐਵਾਰਡ ਮਿਲੇ। ਸਟੀਫਨ ਹਾਰਪਰ ਪਹਿਲੇ ਐਵਾਰਡ ਜੇਤੂ ਹਨ, ਜਿਨ੍ਹਾਂ ਦਾ ਮੂਲ ਭਾਰਤ ਨਾਲ ਜੁੜਿਆ ਨਹੀਂ ਹੈ।

Sunny Mehra

This news is Content Editor Sunny Mehra