ਸਾਊਦੀ ਅਰਬ ਵੱਲੋਂ ਕੀਤੀ ਜਾ ਰਹੀ ਖਸ਼ੋਗੀ ਹੱਤਿਆਕਾਂਡ ਦੀ ਜਾਂਚ ''ਤੇ ਭਰੋਸਾ ਨਹੀਂ : ਅਮਰੀਕਾ

01/05/2019 11:48:27 PM

ਵਾਸ਼ਿੰਗਟਨ — ਅਮਰੀਕਾ ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਸਾਊਦੀ ਅਰਬ ਵੱਲੋਂ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੀ ਜਾਂਚ ਅਤੇ ਉਸ ਨਾਲ ਨਜਿੱਠਣ ਦੇ ਮਾਮਲੇ 'ਚ ਹੁਣ ਵੀ ਪੂਰੇ ਭਰੋਸੇ ਅਤੇ ਜਵਾਬਦੇਹੀ ਦੀ ਘਾਟ ਹੈ। ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਗਲੇ ਹਫਤੇ ਮੱਧ-ਪੂਰਬ ਦੇ 8 ਦੇਸ਼ਾਂ ਦੀ ਯਾਤਰਾ ਦੌਰਾਨ ਰਿਆਦ ਦੌਰੇ 'ਤੇ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਸਾਊਦੀ ਅਰਬ 'ਤੇ ਦਬਾਅ ਬਣਾਉਣਾ ਜਾਰੀ ਰੱਖਣਗੇ।
ਅਧਿਕਾਰੀ ਨੇ ਪਛਾਣ ਜਨਤਕ ਨਾ ਕਰਨ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਆਖਿਆ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਦਾ ਮਾਮਲਾ ਚੁੱਕਣਗੇ ਅਤੇ ਸਾਊਦੀ ਅਗਵਾਈ 'ਤੇ ਇਸ ਹਫਤੇ ਦੀ ਸ਼ੁਰੂਆਤ 'ਚ ਹੋਈ ਸ਼ੁਰੂ ਹੋਈ ਕਾਨੂੰਨੀ ਪ੍ਰਕਿਰਿਆ 'ਚ ਜਵਾਬਦੇਹੀ ਅਤੇ ਭਰੋਸੇਯੋਗਤਾ ਵਰਤਣ ਦਾ ਦਬਾਅ ਬਣਾਉਣਗੇ। ਅਧਿਕਾਰੀ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਸਾਊਦੀ ਅਰਬ ਵੱਲੋਂ ਸ਼ੁਰੂ ਕੀਤੀ ਗਈ ਹੁਣ ਤੱਕ ਦੀ ਕਾਨੂੰਨੀ ਪ੍ਰਕਿਰਿਆ 'ਚ ਕਿਸੇ ਤਰ੍ਹਾਂ ਦੀ ਜਵਾਬਦੇਹੀ ਅਤੇ ਭਰੋਸਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ 2 ਅਕਤੂਬਰ ਨੂੰ ਸਾਊਦੀ ਅਰਬ ਦੇ ਕਰੀਬੀ ਤੋਂ ਆਲੋਚਕ ਬਣੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਖਸ਼ੋਗੀ ਦੀ ਤੁਰਕੀ 'ਚ ਸਾਊਦੀ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ, ਜਿਸ ਲਈ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਾਊਦੀ ਅਰਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ।