ਹਾਈਡ੍ਰੋਕਸੀਕਲੋਰੋਕਵੀਨ ਕੋਰੋਨਾ ਵਾਇਰਸ ਤੋਂ ''ਬਚਾਅ ਦਾ ਇਕ ਤਰੀਕਾ'' : ਟਰੰਪ

05/20/2020 11:10:38 AM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਲੈਣ ਲਈ ਹੋ ਰਹੀ ਆਲੋਚਨਾ 'ਤੇ ਆਪਣੇ ਜਵਾਬ ਵਿਚ ਇਸ ਨੂੰ ਕੋਰੋਨਾ ਵਾਇਰਸ ਦੇ ਬਚਾਅ ਦਾ ਇਕ ਤਰੀਕਾ ਦੱਸਿਆ। ਟਰੰਪ ਨੇ ਖੁਲਾਸਾ ਕੀਤਾ ਸੀ ਕਿ ਉਹ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਇਹ ਦਵਾਈ ਲੈ ਰਹੇ ਹਨ। ਇਸ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ , ''ਮੈਨੂੰ ਲੱਗਦਾ ਹੈ ਕਿ ਇਹ ਬਚਾਅ ਦਾ ਇਕ ਤਰੀਕ ਹੈ ਅਤੇ ਮੈਂ ਕੁੱਝ ਹੋਰ ਸਮੇਂ ਤੱਕ ਇਸ ਨੂੰ ਲੈਂਦਾ ਰਹਾਂਗਾ। ਇਹ ਕਾਫ਼ੀ ਸੁਰੱਖਿਅਤ ਲੱਗਦੀ ਹੈ।'

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦਵਾਈ ਦੀ ਖ਼ਰਾਬ ਛਵੀ ਇਸ ਲਈ ਬਣਾਈ ਗਈ, ਕਿਉਂਕਿ ਉਹ ਇਸ ਦਾ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਜ਼ਾਹਰ ਤੌਰ 'ਤੇ ਮੈਂ ਬਹੁਤ ਖ਼ਰਾਬ ਪ੍ਰਚਾਰਕ ਹਾਂ। ਜੇਕਰ ਕੋਈ ਹੋਰ ਇਸ ਦਾ ਪ੍ਰਚਾਰ ਕਰ ਰਿਹਾ ਹੁੰਦਾ ਤਾਂ ਉਹ ਕਹਿੰਦਾ ਕਿ ਇਹ ਬਹੁਤ ਚੰਗੀ ਦਵਾਈ ਹੈ। ਟਰੰਪ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਬਹੁਤ ਕਾਰਗਰ ਦਵਾਈ ਹੈ ਅਤੇ ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਅਤੇ ਸ਼ਾਇਦ ਇਹ ਚੰਗੀ ਹੋਵੇਗੀ ਅਤੇ ਮੇਰੇ 'ਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਪਿਆ।'

ਉਨ੍ਹਾਂ ਕਿਹਾ ਕਿ ਮਲੇਰੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਇਸ ਦਵਾਈ 'ਤੇ ਦੁਨੀਆਭਰ ਦੇ ਡਾਕਟਰਾਂ ਨੇ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਟਲੀ, ਫ਼ਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਇਸ ਬਾਰੇ ਵਿਚ ਵੱਡੇ-ਵੱਡੇ ਅਧਿਐਨ ਹੋਏ ਹਨ ਅਤੇ ਅਮਰੀਕਾ ਵਿਚ ਡਾਕਟਰ ਇਸ ਨੂੰ ਲੈ ਕੇ ਕਾਫ਼ੀ ਆਸ਼ਾਵਾਨ ਹਨ। ਇਹ ਦਵਾਈ ਕਿਫਾਇਤੀ ਹੈ। ਉਨ੍ਹਾਂ ਕਿਹਾ, ''ਇਕ ਗਲਤ ਅਧਿਐਨ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਬਹੁਤ ਹੀ ਜ਼ਿਆਦਾ ਬੀਮਾਰ ਲੋਕਾਂ ਨੂੰ ਇਹ ਦਵਾਈ ਦਿੱਤੀ ਜੋ ਪਹਿਲਾਂ ਹੀ ਮਰਨ ਦੀ ਕਗਾਰ 'ਤੇ ਸਨ।''

ਉਥੇ ਹੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਇਕ ਵੱਖ ਇੰਟਰਵਿਊ ਵਿਚ ਦੱਸਿਆ ਕਿ ਉਹ ਹਾਈਡ੍ਰੋਕਸੀਕਲੋਰੋਕਵੀਨ ਨਹੀਂ ਲੈ ਰਹੇ ਹਨ। ਹਾਲਾਂਕਿ ਵਿਰੋਧੀ ਨੇਤਾਵਾਂ ਨੇ ਅਜਿਹੀ ਦਵਾਈ ਲੈਣ ਲਈ ਟਰੰਪ ਦੀ ਆਲੋਚਨਾ ਕੀਤੀ ਹੈ। ਧਿਆਨਦੇਣ ਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਹਾਈਡ੍ਰੋਕਸੀਕਲੋਰੋਕਵੀਨ ਦੀਆਂ ਕਰੋੜਾਂ ਗੋਲੀਆਂ ਖਰੀਦੀਆਂ ਸਨ। ਭਾਰਤ ਨੇ ਅਮਰੀਕਾ ਨੂੰ ਇਸ ਦੀ ਕਰੋੜਾਂ ਗੋਲੀਆਂ ਭੇਜੀਆਂ ਸਨ। ਭਾਰਤ ਇਸ ਦਵਾਈ ਦੇ ਪ੍ਰਮੁੱਖ ਉਤਪਾਦਕਾਂ ਵਿਚੋਂ ਇਕ ਹੈ।

cherry

This news is Content Editor cherry