ਕੋਰੋਨਾ ਵਾਇਰਸ ਕਾਰਨ ''ਵਰਜਨ ਆਸਟ੍ਰੇਲੀਆ'' ਨਹੀਂ ਭਰੇਗੀ ਹਾਂਗਕਾਂਗ ਲਈ ਉਡਾਣ

02/06/2020 3:13:36 PM

ਸਿਡਨੀ— ਵਰਜਨ ਆਸਟ੍ਰੇਲੀਆ ਅਜਿਹੀ ਪਹਿਲੀ ਕੌਮਾਂਤਰੀ ਏਅਰਲਾਈਨ ਹੈ ਜਿਸ ਨੇ ਆਸਟ੍ਰੇਲੀਆ ਤੇ ਹਾਂਗਕਾਂਗ ਵਿਚਕਾਰ ਹਵਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਨੇ ਕੋਰੋਨਾ ਵਾਇਰਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਵਾਇਰਸ ਕਾਰਨ ਹੁਣ ਤਕ 564 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਖਤਰੇ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਚੀਨ ਜਾਣ ਵਾਲੀਆਂ ਉਡਾਣਾਂ ਕੁੱਝ ਦਿਨਾਂ ਲਈ ਰੱਦ ਕਰ ਦਿੱਤੀਆਂ ਹਨ ਪਰ ਵਰਜਨ ਆਸਟ੍ਰੇਲੀਆ ਨੇ ਇਸ ਸੇਵਾ ਨੂੰ ਪੱਕੇ ਤੌਰ 'ਤੇ ਹੀ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਲੋਕਾਂ ਦੇ ਦਾਖਲ ਕਰਨ 'ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਯਾਤਰੀਆਂ ਦੀ ਬੁਕਿੰਗ ਦਾ ਪ੍ਰਬੰਧ ਹੋਰ ਕਿਸੇ ਫਲਾਈਟ 'ਚ ਕਰਵਾ ਦੇਣਗੇ, ਜਿਨ੍ਹਾਂ ਨੇ ਇਸ ਏਅਰਲਾਈਨ ਲਈ ਟਿਕਟ ਖਰੀਦੀ ਹੋਈ ਸੀ। ਨਵੰਬਰ 'ਚ ਏਅਰਲਾਈਨ ਨੇ ਵਿੱਤੀ ਘਾਟੇ ਕਾਰਨ ਇਸ ਸੇਵਾ ਨੂੰ ਬੰਦ ਕਰਨ ਦੀ ਗੱਲ ਆਖੀ ਸੀ ਪਰ ਹੁਣ ਕੋਰੋਨਾ ਵਾਇਰਸ ਕਾਰਨ ਇਸ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 30 ਗਲੋਬਲ ਏਅਰਲਾਈਨਜ਼ ਨੇ ਕੁੱਝ ਸਮੇਂ ਲਈ ਚੀਨ ਲਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਹੈ। ਇਟਲੀ ਨੇ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ 28 ਅਪ੍ਰੈਲ ਤਕ ਰੱਦ ਕਰ ਦਿੱਤੀਆਂ ਹਨ। ਫਿਲਪੀਨਜ਼ ਨੇ ਵੀ ਟਰੈਵਲ ਬੈਨ ਲਗਾ ਕੇ ਆਪਣੇ ਨਾਗਰਿਕਾਂ ਨੂੰ ਰੋਕਿਆ ਹੋਇਆ ਹੈ। ਏਅਰ ਇੰਡੀਆ ਵੀ ਦਿੱਲੀ-ਹਾਂਗਕਾਂਗ ਹਵਾਈ ਉਡਾਣ ਨੂੰ ਸ਼ਨੀਵਾਰ ਤੋਂ ਰੱਦ ਕਰ ਰਹੀ ਹੈ।