ਲੇਬਨਾਨ ''ਚ ਸਰਕਾਰ ਵਿਰੋਧੀ ਪ੍ਰਦਰਸ਼ਨ, 50 ਸੁਰੱਖਿਆ ਕਰਮਚਾਰੀ ਜ਼ਖਮੀ

Saturday, Oct 19, 2019 - 03:09 PM (IST)

ਬੈਰੂਤ— ਪੱਛਮੀ ਏਸ਼ੀਆਈ ਦੇਸ਼ ਲੇਬਨਾਨ ਦੀ ਰਾਜਧਾਨੀ ਬੈਰੂਤ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ 'ਚ ਘੱਟ ਤੋਂ ਘੱਟ 52 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਲੇਬਨਾਨ ਅੰਦਰੂਨੀ ਸੁਰੱਖਿਆ ਫੌਜ ਮੁਤਾਬਕ ਸ਼ੁੱਕਰਵਾਰ ਨੂੰ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ 70 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ।

ਦੇਸ਼ 'ਚ ਅਰਥ-ਵਿਵਸਥਾ ਦੀ ਖਰਾਬ ਸਥਿਤੀ ਕਾਰਨ ਪ੍ਰਦਰਸ਼ਨਕਾਰੀ ਮੌਜੂਦਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਰਾਜਧਾਨੀ ਬੈਰੂਤ ਸਣੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਵੀਰਵਾਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਵੱਡੇ ਹਾਈਵੇਅਜ਼ ਨੂੰ ਬੰਦ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਰਾਜਧਾਨੀ ਬੈਰੂਤ 'ਚ ਹਿੰਸਕ ਹੋ ਗਏ ਅਤੇ ਪੁਲਸ 'ਤੇ ਬੋਤਲਾਂ ਸੁੱਟਣ ਲੱਗੇ। ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ। ਲੇਬਨਾਨ ਦੇ ਰਾਸ਼ਟਰਪਤੀ ਮਾਈਕਲ ਆਊਨ ਨੇ ਕਿਹਾ ਕਿ ਰੋਕਾਂ ਅਤੇ ਵਿੱਤੀ ਨਾਕੇਬੰਦੀ ਕਾਰਨ ਦੇਸ਼ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ।