ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਆਇਆ ਤੇਜ਼ ਤੂਫਾਨ, ਰੋਕਣੀ ਪਈ ਟਰੇਨ

02/14/2018 11:08:07 AM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਬੁੱਧਵਾਰ ਨੂੰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਤੂਫਾਨ ਆਇਆ, ਜਿਸ ਕਾਰਨ ਦਰੱਖਤ ਡਿੱਗ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਤੂਫਾਨ ਆਉਣ ਕਾਰਨ ਟਰੇਨਾਂ ਦੇਰ ਨਾਲ ਚੱਲੀਆਂ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਹਵਾਵਾਂ ਬੁੱਧਵਾਰ ਸਵੇਰੇ ਤਕਰੀਬਨ 8.30 ਵਜੇ ਚੱਲੀਆਂ, ਜਿਸ ਕਾਰਨ ਦਰਜਨਾਂ ਬਿਜਲੀ ਦੀਆਂ ਤਾਰਾਂ ਹੇਠਾਂ ਝੁੱਕ ਗਈਆਂ।

ਬਿਜਲੀ ਸਪਲਾਈ ਠੱਪ ਹੋਣ ਕਾਰਨ 37,000 ਘਰ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋਏ। ਤੇਜ਼ ਹਵਾਵਾਂ ਕਾਰਨ ਰੇਲਵੇ ਟਰੈਕ 'ਤੇ ਦਰੱਖਤ ਉੱਖੜ ਕੇ ਡਿੱਗ ਪਏ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 


ਵਿਕਟੋਰੀਆ ਦੇ ਜੋਲੀਮੋਂਟ ਸਟੇਸ਼ਨ 'ਤੇ ਟਰੇਨ 'ਤੇ ਦਰੱਖਤ ਦੀਆਂ ਟਾਹਣੀਆਂ ਆ ਡਿੱਗੀਆਂ, ਜਿਸ ਕਾਰਨ ਟਰੇਨ ਰੋਕਣੀ ਪਈ। ਟਰੇਨ ਵਿਚ ਸਵਾਰ ਯਾਤਰੀਆਂ ਨੂੰ ਟਰੇਨ 'ਚੋਂ ਉਤਾਰਨਾ ਪਿਆ।

ਦਰੱਖਤਾਂ ਦੇ ਡਿੱਗਣ ਕਾਰਨ ਆਵਾਜਾਈ ਰੁੱਕ ਗਈ। ਇਸ ਤੋਂ ਇਲਾਵਾ ਲੱਗਭਗ 100 ਇਮਾਰਤਾਂ ਨੂੰ ਨੁਕਸਾਨ ਪੁੱਜਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਬੰਦ ਰੱਖਣ।

ਐਮਰਜੈਂਸੀ ਅਧਿਕਾਰੀਆਂ ਨੇ ਤਕਰੀਬਨ 400 ਫੋਨ ਕਾਲਜ਼ ਸੁਣੀਆਂ, ਜਿਸ ਵਿਚ ਲੋਕਾਂ ਵਲੋਂ ਮਦਦ ਮੰਗੀ ਗਈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਾਰਾਂ ਨੂੰ ਦਰੱਖਤਾਂ ਤੋਂ ਦੂਰ ਰੱਖਣ ਅਤੇ ਖੁਦ ਵੀ ਸੁਰੱਖਿਅਤ ਰਹਿਣ।