''ਵਿਕਟੋਰੀਆ ਫਾਲਜ਼'' ਦਾ ਪਾਣੀ ਘਟਣ ਕਾਰਨ ਵਧੀ ਵਿਗਿਆਨੀਆਂ ਦੀ ਚਿੰਤਾ

12/09/2019 2:56:42 PM

ਲੁਸਾਕਾ— ਦੁਨੀਆ ਦੇ ਮੁੱਖ ਜਲ ਸਰੋਤਾਂ 'ਚੋਂ ਇਕ ਵਿਕਟੋਰੀਆ ਫਾਲਜ਼ 50 ਫੀਸਦੀ ਤੋਂ ਵਧੇਰੇ ਸੁੱਕ ਗਿਆ ਹੈ,ਜੋ ਚਿੰਤਾ ਦਾ ਵਿਸ਼ਾ ਹੈ। ਜਾਮਬੀਅਨ ਰਾਸ਼ਟਰਪਤੀ ਨੇ ਇਸ ਨੂੰ ਜਲਵਾਯੂ ਪਰਿਵਰਤਨ ਦਾ ਅਸਰ ਮੰਨਿਆ ਹੈ। ਕੁਦਰਤੀ ਤੌਰ 'ਤੇ ਤਿਆਰ 355 ਫੁੱਟ ਉੱਚੇ ਇਸ ਫਾਲਜ਼ ਨੂੰ ਦੇਖਣ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਦੱਖਣੀ ਅਫਰੀਕਾ 'ਚ ਜਾਮਬੀਆ ਅਤੇ ਜ਼ਿੰਬਬਾਵੇ ਵਿਚਕਾਰ ਸਰਹੱਦ ਵੰਡਣ ਦਾ ਕੰਮ ਕਰਨ ਵਾਲੇ ਵਿਕਟੋਰੀਆ ਵਾਟਰ ਫਾਲਜ਼ ਦੇ ਵਹਾਅ 'ਚ 50 ਫੀਸਦੀ ਤੋਂ ਵਧੇਰੇ ਪਾਣੀ ਦੀ ਕਮੀ ਹੋ ਗਈ ਹੈ। 1995 ਤੋਂ ਬਾਅਦ ਇਸ ਸਾਲ ਇਸ ਦੇ ਪਾਣੀ 'ਚ ਕਾਫੀ ਕਮੀ ਆਈ ਹੈ।

ਬੀਤੇ 25 ਸਾਲਾਂ 'ਚ ਇਹ ਵਾਟਰ ਫਾਲਜ਼ ਇਸ ਵਾਰ ਸਭ ਤੋਂ ਵਧ ਸੋਕੇ ਦੀ ਮਾਰ ਝੱਲਦਾ ਨਜ਼ਰ ਆ ਰਿਹਾ ਹੈ। ਹੁਣ ਪਾਣੀ ਦੀਆਂ ਦੋ ਧਾਰਾਵਾਂ ਹੀ ਚੱਟਾਨਾਂ 'ਚੋਂ ਨਿਕਲਦੀਆਂ ਹਨ ਜਦਕਿ 2019 ਦੀ ਸ਼ੁਰੂਆਤ 'ਚ ਪਾਣੀ ਦਾ ਵਹਾਅ ਕਾਫੀ ਤੇਜ਼ ਸੀ।
ਜ਼ਿੰਬਬਾਵੇ ਦੇ ਲਗਭਗ 80 ਲੱਖ ਲੋਕ ਹੁਣ ਵਿਦੇਸ਼ ਸਹਾਇਤਾ ਫੰਡ ਤੋਂ ਮਿਲਣ ਵਾਲੇ ਭੋਜਨ 'ਤੇ ਨਿਰਭਰ ਹਨ। ਵਾਟਰ ਫਾਲਜ਼ ਨੂੰ ਦੇਖਣ ਆਉਣ ਵਾਲੇ ਸੈਲਾਨੀਆਂ ਕਾਰਨ ਵਪਾਰ ਵਧਦਾ ਹੈ। ਜੇਕਰ ਇਹ ਸੁੱਕਦਾ ਹੈ ਤਾਂ ਸਥਾਨਕ ਅਰਥ ਵਿਵਸਥਾ ਨਾਲ ਇਸ ਦੇ ਚਾਰੋਂ ਪਾਸਿਓਂ ਵਿਕਸਿਤ ਨੈਸ਼ਨਲ ਪਾਰਕ ਦੇ ਹੋਰ ਜੰਗਲੀ ਜੀਵਨ ਨੂੰ ਵੀ ਖਤਰਾ ਹੋ ਜਾਵੇਗਾ ਅਤੇ ਇਸ ਨਾਲ ਪ੍ਰਜਾਤੀਆਂ ਨੂੰ ਸੰਭਾਲਣ ਦੀਆਂ ਯੋਜਨਾਵਾਂ ਵੀ ਪ੍ਰਭਾਵਿਤ ਹੋਣਗੀਆਂ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸੋਕੇ ਪਿੱਛੇ ਕਿਤੇ ਨਾ ਕਿਤੇ ਜਲਵਾਯੂ ਪਰਿਵਰਤਨ ਵੀ ਜ਼ਿੰਮੇਵਾਰ ਹੈ। ਇਸ ਸਦੀ 'ਚ ਸਭ ਤੋਂ ਭਿਆਨਕ ਸੋਕੇ ਦੀ ਮਾਰ ਸਹਿ ਰਹੇ ਵਿਕਟੋਰੀਆ ਫਾਲਜ਼ ਕਾਰਨ ਦੇਸ਼ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਪਹਿਲਾਂ ਵੀ ਜਦ ਇਸ ਦੇ ਪਾਣੀ 'ਚ ਕਮੀ ਆਈ ਹੈ ਤਾਂ ਇੰਨੀ ਜ਼ਿਆਦਾ ਚਿੰਤਾ ਨਹੀਂ ਵਧੀ ਪਰ ਇਸ ਵਾਰ ਲਗਭਗ 50 ਫੀਸਦੀ ਕਮੀ ਆ ਗਈ ਹੈ।