ਇਕੋ ਘਰ ਦੇ 3 ਜੀਆਂ ਦੀਆਂ ਉੱਠੀਆਂ ਅਰਥੀਆਂ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ

08/23/2017 3:39:47 PM

ਕੈਲਗਰੀ— ਅਮਰੀਕਾ 'ਚ ਰਹਿਣ ਵਾਲਾ ਇਕ ਪਰਿਵਾਰ ਕੈਨੇਡਾ ਘੁੰਮਣ ਲਈ ਜਾ ਰਿਹਾ ਸੀ ਪਰ ਕੈਲਗਰੀ ਨੇੜੇ ਹਨਾ ਸ਼ਹਿਰ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਪਤੀ-ਪਤਨੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ 3 ਬੱਚਿਆਂ ਦੀ ਮੌਤ ਹੋ ਗਈ। ਕੈਲਗਰੀ 'ਚ ਇਸ ਦੁਰਘਟਨਾ ਮਗਰੋਂ ਲੋਕ ਭਾਵੁਕ ਹੋ ਗਏ। ਲੋਕਾਂ ਨੇ ਕਿਹਾ ਕਿ ਹਾਲਾਂਕਿ ਉਹ ਵਿਦੇਸ਼ੀ ਸਨ ਪਰ ਇਸ ਤਰ੍ਹਾਂ ਦਾ ਹਾਦਸਾ ਉਨ੍ਹਾਂ ਦੇ ਸ਼ਹਿਰ ਨੇੜੇ ਵਾਪਰਿਆ ਹੈ ਅਤੇ ਉਹ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। 


ਪੁਲਸ ਨੇ ਦੱਸਿਆ ਕਿ ਉਹ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਹਾਦਸੇ 'ਚ ਬੱਚਿਆਂ ਦੀ ਮਾਂ ਨੂੰ ਵਧੇਰੇ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਅਤੇ ਬੱਚਿਆਂ ਦੇ ਪਿਤਾ ਨੂੰ ਐਂਬੂਲੈਂਸ ਗੱਡੀ 'ਚ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ 'ਚ ਉਨ੍ਹਾਂ ਦਾ ਪਰਿਵਾਰ ਹੀ ਉੱਜੜ ਗਿਆ। ਉਨ੍ਹਾਂ ਦੀ 16 ਸਾਲਾ ਕੁੜੀ, 11 ਸਾਲਾ ਮੁੰਡਾ ਅਤੇ 11 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ। ਇਨ੍ਹਾਂ ਦੀਆਂ ਲਾਸ਼ਾਂ ਨੂੰ ਅਮਰੀਕਾ ਭੇਜਣ ਲਈ ਕੈਲਗਰੀ ਦੇ ਲੋਕ ਇਕੱਠੇ ਹੋਏ ਹਨ ਅਤੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ।