ਤੁਰਕੀ : ਤਖਤਾਪਲਟ ਦੀ ਕੋਸ਼ਿਸ਼ ਦੇ ਮਾਮਲੇ 'ਚ ਜਲਦ ਆਵੇਗਾ ਫੈਸਲਾ

06/20/2019 3:38:21 PM

ਅੰਕਾਰਾ— ਤੁਰਕੀ ਦੀ ਇਕ ਅਦਾਲਤ ਅੱਜ ਭਾਵ ਵੀਰਵਾਰ ਨੂੰ ਅਸਫਲ ਤਖਤਾਪਲਟ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਿਸਮਤ ਦਾ ਫੈਸਲਾ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2016 'ਚ ਦੇਸ਼ ਦੇ ਰਾਸ਼ਟਰਪਤੀ ਰਜਬ ਤੈਇਬ ਐਰਦੋਆਨ ਦਾ ਤਖਤਾਪਲਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਅਸਫਲ ਰਹੀ। ਅਜਿਹੀ ਕੋਸ਼ਿਸ਼ ਨਾਲ ਜੁੜੇ ਮਾਮਲੇ 'ਚ 220 ਤੋਂ ਵਧੇਰੇ ਸ਼ੱਕੀਆਂ ਦੀ ਕਿਸਮਤ ਦਾ ਫੈਸਲਾ ਅੱਜ ਆਵੇਗਾ। ਇਸ ਮਾਮਲੇ 'ਚ ਮਈ 2017 'ਚ ਦੋ ਦਰਜਨ ਤੋਂ ਵਧੇਰੇ ਫੌਜੀ ਅਧਿਕਾਰੀਆਂ ਸਮੇਤ 224 ਸ਼ੱਕੀਆਂ ਖਿਲਾਫ ਸੁਣਵਾਈ ਸ਼ੁਰੂ ਹੋਈ ਸੀ। 

ਸ਼ੱਕੀਆਂ 'ਚ ਅਮਰੀਕਾ ਸਥਿਤ ਮੁਸਲਿਮ ਪ੍ਰਚਾਰਕ ਫਤੇਹਉੱਲਾ ਗੁਲੇਨ ਵੀ ਸ਼ਾਮਲ ਹਨ, ਜਿਸ ਨੂੰ ਤੁਰਕੀ ਤਖਤਾਪਲਟ ਦੀ ਕੋਸ਼ਿਸ਼ ਦਾ ਜ਼ਿੰਮੇਵਾਰ ਮੰਨਿਆ ਗਿਆ ਹੈ। ਇਸ ਕੋਸ਼ਿਸ਼ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਸਨ। ਹਾਲਾਂਕਿ ਗੁਲੇਨ ਤੁਰਕੀ ਦੇ ਦਾਅਵਿਆਂ ਨੂੰ ਖਾਰਜ ਕਰਦੇ ਰਹੇ ਹਨ। ਤੁਰਕੀ ਉਨ੍ਹਾਂ ਦੀ ਹਵਾਲਗੀ ਕਰਨ 'ਚ ਵੀ ਅਸਫਲ ਰਿਹਾ ਹੈ।