ਇਸ ਦੇਸ਼ ''ਚ ਮਾਵਾਂ ਆਪਣੇ ਬੱਚਿਆਂ ਨੂੰ ਕਚਰੇ ''ਚ ਸੁੱਟਣ ਨੂੰ ਮਜਬੂਰ, ਜਾਣੋ ਕਿਉਂ

02/28/2020 4:49:36 PM

ਕਰਾਕਸ- ਵੈਨੇਜ਼ੁਏਲਾ ਦੇ ਆਰਟਿਸਟ ਐਰਿਕ ਮੋਨਿਕਾਨੋ ਦੇ ਬਣਾਏ ਬੋਰਡ 'ਬੱਚੇ ਸੁੱਟਣਾ ਮਨ੍ਹਾ ਹੈ' ਇਹਨੀਂ ਦਿਨੀਂ ਦੇਸ਼ ਭਰ ਦੀਆਂ ਕੰਧਾਂ 'ਤੇ ਲੱਗੇ ਨਜ਼ਰ ਆ ਰਹੇ ਹਨ। ਐਰਿਕ ਨੇ ਇਸ ਨੂੰ ਉਸ ਵੇਲੇ ਬਣਾਇਆ ਸੀ ਜਦੋਂ ਰਾਜਧਾਨੀ ਕਰਾਕਸ ਵਿਚ ਉਹਨਾਂ ਦੇ ਅਪਾਰਟਮੈਂਟ ਦੇ ਕੋਲ ਇਕ ਨਵਜਾਤ ਬੱਚੇ ਨੂੰ ਮਲਬੇ ਵਿਚੋਂ ਕੱਢਿਆ ਗਿਆ।

ਮੇਨਿਕਾਨੋ ਕਹਿੰਦੇ ਹਨ ਕਿ ਉਹਨਾਂ ਨੇ ਇਹ ਕੈਂਪੇਨ ਲੋਕਾਂ ਨੂੰ ਇਹ ਦੱਸਣ ਲਈ ਚਲਾਇਆ ਕਿ ਵੈਨੇਜ਼ੁਏਲਾ ਵਿਚ ਇਹ ਗੱਲ ਬੇਹੱਦ ਮਾਮੂਲੀ ਹੁੰਦੀ ਜਾ ਰਹੀ ਹੈ, ਜਦਕਿ ਇਸ ਨੂੰ ਮਾਮੂਲੀ ਨਹੀਂ ਹੋਣਾ ਚਾਹੀਦਾ। ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਦੀ ਇਕ ਸਟੱਡੀ ਦੱਸਦੀ ਹੈ ਕਿ ਵੈਨੇਜ਼ੁਏਲਾ ਦੀ ਅਰਥਵਿਵਸਥਾ ਲਗਾਤਾਰ ਡਿੱਗ ਰਹੀ ਹੈ। ਦੇਸ਼ ਦਾ ਹਰ ਤੀਜਾ ਨਾਗਰਿਕ ਆਪਣੇ ਲੋੜੀਂਦੇ ਭੋਜਨ ਦੀ ਵਿਵਸਥਾ ਕਰਨ ਵਿਚ ਅਸਮਰਥ ਹੈ। ਗਰਭ ਨਿਰੋਧਕ ਹਰੇਕ ਦੀ ਪਹੁੰਚ ਤੋਂ ਬਾਹਰ ਹੈ, ਇਸ ਲਈ ਅਣਚਾਹੇ ਗਰਭ ਦੇ ਮਾਮਲੇ ਵਧ ਰਹੇ ਹਨ। ਗਰਭਪਾਤ ਦੇ ਨਿਯਮ ਬੇਹੱਦ ਸਖਤ ਹਨ, ਜੋ ਸਿਰਫ ਮਾਂ ਦੀ ਜਾਨ ਖਤਰੇ ਵਿਚ ਪੈਣ ਦੀ ਹਾਲਤ ਵਿਚ ਹੀ ਇਸ ਦੀ ਆਗਿਆ ਦਿੰਦੇ ਹਨ। ਇਸ ਨਾਲ ਔਰਤਾਂ ਦੇ ਵਿਕਲਪ ਹੋਰ ਸੀਮਤ ਹੋ ਜਾਂਦੇ ਹਨ।

ਵੈਨੇਜ਼ੁਏਲਾ ਦੇ ਆਰਥਿਕ ਸੰਕਟ ਦੇ ਬਾਰੇ ਵਿਚ ਇਕ ਚੈਰਿਟੀ ਨੇ 2018 ਵਿਚ ਕਿਹਾ ਸੀ ਕਿ ਸੜਕਾਂ ਤੇ ਜਨਤਕ ਇਮਾਰਤਾਂ ਦੇ ਬਾਹਰ ਛੱਡੇ ਗਏ ਬੱਚਿਆਂ ਦੀ ਗਿਣਤੀ 70 ਫੀਸਦੀ ਤੱਕ ਵਧੀ ਹੈ। ਹਾਲ ਦੇ ਸਾਲਾਂ ਵਿਚ ਵੈਨੇਜ਼ੁਏਲਾ ਸਰਕਾਰ ਨੇ ਕੋਈ ਅਧਿਕਾਰਿਤ ਅੰਕੜਾ ਜਾਰੀ ਨਹੀਂ ਕੀਤਾ ਹੈ। ਇਹਨਾਂ ਸਵਾਲਾਂ ਦਾ ਨਾ ਤਾਂ ਸੰਚਾਰ ਮੰਤਰਾਲਾ ਜਵਾਬ ਦੇ ਸਕਿਆ ਤੇ ਨਾ ਕੋਈ ਸਰਕਾਰੀ ਸੰਗਠਨ। ਸਮਾਜਿਕ ਸਿਹਤ ਤੇ ਸਿਹਤ ਕਰਮਤਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਲਾਵਾਰਿਸ ਛੱਡੇ ਜਾਣ ਵਾਲੇ ਤੇ ਰਸਮੀ ਗੋਦ ਲਏ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਧੀ ਹੈ। ਨੇਲਸਨ ਵਿਲਸਮਿਲ ਕਰਾਕਸ ਦੇ ਸਭ ਤੋਂ ਗਰੀਬ ਇਲਾਕਿਆਂ ਵਿਚੋਂ ਇਕ ਵਿਚ ਬਣੀ ਚਾਈਲਡ ਪ੍ਰੋਟੈਕਸ਼ਨ ਕੌਂਸਲ ਦੇ ਮੈਂਬਰ ਹਨ। ਉਹ ਦੱਸਦੇ ਹਨ ਕਿ ਗੋਦ ਲੈਣ ਦੇ ਸਿਸਟਮ ਵਿਚ ਫੈਲੀ ਅਵਿਵਸਥਾ ਦੇ ਚੱਲਦੇ ਮਾਤਾ-ਪਿਤਾ ਨਿਰਾਸ਼ ਹੋ ਕੇ ਸ਼ਾਟਕਟ ਵੱਲ ਭੱਜਦੇ ਹਨ।

ਟੋਮਾਸ ਦੀ ਕਹਾਣੀ
ਅਜਿਹੀ ਹੀ ਕਹਾਣੀ ਇਕ ਬੱਚੇ ਟੋਮਾਸ (ਬਦਲਿਆ ਹੋਇਆ ਨਾਂ) ਦੀ ਵੀ ਹੈ। ਟੋਮਾਸ ਦੀ ਮਾਂ ਕਰਾਕਸ ਵਿਚ ਰਹਿੰਦੀ ਸੀ ਤੇ ਬਹੁਤ ਗਰੀਬ ਸੀ। ਉਸ ਨੂੰ ਲੱਗਦਾ ਸੀ ਕਿ ਉਹ ਬੱਚੇ ਨਹੀਂ ਪਾਲ ਸਕੇਗੀ। ਅਜਿਹੇ ਵਿਚ ਟੋਮਾਸ ਦੇ ਜਨਮ ਸਮੇਂ ਮੌਜੂਦ ਡਾਕਟਰ ਮਦਦ ਲਈ ਅੱਗੇ ਆਏ। ਨੇਲਸਨ ਵਿਲਸਮਿਲ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਕਿਸੇ ਅਜਿਹੀ ਮਾਂ ਨਾਲ ਮਿਲੇ ਹੋਣ, ਜਿਸ ਨੂੰ ਲੱਗਦਾ ਹੈ ਕਿ ਉਹ ਆਪਣਾ ਬੱਚਾ ਪਾਲ ਨਹੀਂ ਸਕਦੀ। ਉਹ ਦੱਸਦੇ ਹਨ ਕਿ ਤਕਰੀਬਨ ਹਰ ਵਾਰ ਅਜਿਹਾ ਹੁੰਦਾ ਹੈ ਕਿ ਆਪਣੇ ਬੱਚੇ ਨੂੰ ਪਹਿਲੀ ਵਾਰ ਦੁੱਧ ਪਿਲਾਉਣ ਸਮੇਂ ਮਾਵਾਂ ਦਾ ਮਨ ਬਦਲ ਜਾਂਦਾ ਹੈ ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ। ਫਿਰ ਤੁਹਾਨੂੰ ਉਪਾਅ ਲੱਭਣਾ ਪੈਂਦਾ ਹੈ। ਇਸ ਤੋਂ ਬਾਅਦ ਡਾਕਟਰ ਨੇ ਆਪਣੀ ਇਕ ਮਰੀਜ਼ ਨਾਲ ਸੰਪਰਕ ਕੀਤਾ। 

ਤਕਰੀਬਨ 40 ਸਾਲ ਦੀ ਤਾਨੀਆ (ਬਦਲਿਆ ਹੋਇਆ ਨਾਂ) ਇਕ ਬੱਚਾ ਚਾਹੁੰਦੀ ਸੀ ਪਰ ਉਹ ਗਰਭਵਤੀ ਨਹੀਂ ਹੋ ਰਹੀ ਸੀ। ਉਹ ਟੋਮਾਸ ਤੇ ਉਸ ਦੀ ਮਾਂ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਬਹੁਤ ਸੋਚਣ ਤੋਂ ਬਾਅਦ ਉਹਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ। ਉਹਨਾਂ ਨੇ ਆਪਣੇ ਇਕ ਜਾਣੂ ਜੋੜੇ ਨਾਲ ਸੰਪਰਕ ਕੀਤਾ, ਜੋ ਵੈਨੇਜ਼ੁਏਲਾ ਦੇ ਇਕ ਪਿੰਡ ਵਿਚ ਟੋਮਾਸ ਨੂੰ ਆਪਣੇ ਬੱਚੇ ਵਾਂਗ ਪਾਲਣ 'ਤੇ ਰਾਜ਼ੀ ਹੋ ਗਿਆ। ਕੋਈ ਸ਼ੱਕ ਨਾ ਪੈਦਾ ਹੋਵੇ ਤਾਂ ਇਸ ਲਈ ਕਪਲ ਨੂੰ ਬੱਚੇ ਨੂੰ ਜਲਦ ਤੋਂ ਜਲਦ ਰਜਿਸਟਰ ਕਰਵਾਉਣਾ ਸੀ ਤਾਂ ਤਾਨੀਆ ਨੇ ਟੋਮਾਸ ਦੀ ਮਾਂ ਦੀ ਥਾਂ ਆਪਣੀ ਦੋਸਤ ਦਾ ਨਾਂ ਲਿਖਵਾਉਣ ਲਈ ਇਕ ਅਧਿਕਾਰੀ ਨੂੰ 18000 ਰੁਪਏ ਦੀ ਰਿਸ਼ਵਤ ਦਿੱਤੀ। ਹੁਣ ਤਾਨੀਆ ਦੀ ਦੋਸਤ ਆਪਣੇ ਘਰ ਵਿਚ ਟੋਮਾਸ ਨੂੰ ਪਾਲ ਰਹੀ ਹੈ। ਤਾਨੀਆ ਕਹਿੰਦੀ ਹੈ ਕਿ ਉਹਨਾਂ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ ਤੇ ਉਹਨਾਂ ਨੇ ਟੋਮਾਸ ਦੇ ਬਿਹਤਰ ਭਵਿੱਖ ਲਈ ਅਜਿਹਾ ਕੀਤਾ ਹੈ। 

ਕਈਆਂ ਨਾਲ ਹੁੰਦੈ ਧੋਖਾ
ਟੋਮਾਸ ਨੂੰ ਉਸ ਦੀ ਮਾਂ ਦੀ ਸਹਿਮਤੀ ਨਾਲ ਹੀ ਕਿਸੇ ਹੋਰ ਦੇ ਹਵਾਲੇ ਕੀਤਾ ਗਿਆ ਸੀ ਪਰ ਵੈਨੇਜ਼ੁਏਲਾ ਵਿਚ ਔਰਤਾਂ ਦੀ ਨਿਰਾਸ਼ਾ ਦਾ ਫਾਇਦਾ ਚੁੱਕਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਇਸਾਬੇਲ (ਬਦਲਿਆ ਹੋਇਆ ਨਾਂ) ਜਦੋਂ ਦੂਜੀ ਵਾਰ ਗਰਭਵਤੀ ਹੋਈ ਤਾਂ ਉਸ ਦੇ ਪਤੀ ਦੀ ਮੌਤ ਹੋ ਗਈ। ਅਜਿਹੀ ਹਾਲਤ ਵਿਚ ਇਸਾਬੇਲ ਦੇ ਮਨ ਵਿਚ ਆਪਣਾ ਬੱਚਾ ਦਾਨ ਕਰਨ ਦਾ ਖਿਆਲ ਆਇਆ। ਉਸ ਨੇ ਕਿਹਾ ਕਿ ਮੈਂ ਬਿਲਕੁੱਲ ਇਕੱਲੀ ਸੀ ਤੇ ਮੈਨੂੰ ਡਰ ਲੱਗ ਰਿਹਾ ਸੀ ਕਿ ਮੈਂ ਆਪਣੇ ਬੱਚੇ ਦਾ ਢਿੱਡ ਵੀ ਭਰ ਸਕਾਂਗੀ ਜਾਂ ਨਹੀਂ।

ਇਸ ਦੌਰਾਨ ਇਕ ਜਾਣਕਾਰ ਦੀ ਸਲਾਹ 'ਤੇ ਇਸਾਬੇਲ ਕੈਰੇਬੀਆਈ ਆਈਲੈਂਡ ਤ੍ਰਿਨਿਡਾਡ ਚਲੀ ਗਈ। ਉਥੇ ਉਸ ਦੀ ਮੁਲਾਕਾਤ ਇਕ ਜੋੜੇ ਨਾਲ ਹੋਈ ਜੋ ਉਸ ਦਾ ਬੱਚਾ ਗੋਦ ਲੈਣਾ ਚਾਹੁੰਦਾ ਸੀ। ਇਸਾਬੇਲ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਸਭ ਕੁਝ ਕਾਨੂੰਨੀ ਢੰਗ ਨਾਲ ਹੋਵੇਗਾ ਤੇ ਮੈਂ ਅਜੇ ਆਪਣਾ ਬੱਚਾ ਦੇਣ ਦੀ ਗੱਲ ਨਹੀਂ ਕਹੀ ਸੀ ਪਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਮਨੁੱਖੀ ਤਸਕਰੀ ਦੇ ਜਾਅਲ ਵਿਚ ਫਸ ਗਈ ਹਾਂ। ਮੇਰੇ 'ਤੇ ਹਮੇਸ਼ਾ ਨਜ਼ਰ ਰੱਖੀ ਜਾਂਦੀ ਸੀ ਤੇ ਮੈਨੂੰ ਕਿਤੇ ਘੁੰਮਣ ਨਹੀਂ ਦਿੱਤਾ ਜਾਂਦਾ ਸੀ।

ਕੁਝ ਹਫਤਿਆਂ ਬਾਅਦ ਇਸਾਬੇਲ ਨੇ ਤ੍ਰਿਨਿਡਾਡ ਦੇ ਇਕ ਹਸਪਤਾਲ ਵਿਚ ਸਮੇਂ ਤੋਂ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ। ਉਸ ਨੇ ਬੱਚਾ ਆਪਣੇ ਕੋਲ ਰੱਖਣ ਦਾ ਫੈਸਲਾ ਲਿਆ ਪਰ ਤੁਰੰਤ ਹੀ ਕੋਲੰਬੀਆਈ ਮਹਿਲਾ ਤੇ ਵਕੀਲ ਹੋਣ ਦਾ ਦਾਅਵਾ ਕਰਨ ਵਾਲੇ ਸ਼ਖਸ ਨੇ ਉਸ 'ਤੇ ਦਬਾਅ ਬਣਾ ਲਿਆ। ਇਸਾਬੇਲ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਬੱਚੇ ਦੇ ਨਵੇਂ ਮਾਤਾ-ਪਿਤਾ ਉਸ ਦਾ ਇੰਤਜ਼ਾਰ ਕਰ ਰਹੇ ਹਨ। ਮਹਿਲਾ ਨੇ ਮੈਨੂੰ ਕੁਝ ਦਸਤਾਵੇਜ਼ ਦਸਤਖਤ ਕਰਨ ਲਈ ਕਿਹਾ ਜੋ ਕਿ ਅੰਗਰੇਜ਼ੀ ਵਿਚ ਸਨ। ਮੈਨੂੰ ਨਹੀਂ ਪਤਾ ਸੀ ਕਿ ਉਹਨਾਂ 'ਤੇ ਕੀ ਲਿਖਿਆ ਸੀ। ਪਹਿਲਾਂ ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਉਹਨਾਂ ਦੇ ਦਬਾਅ ਹੇਠ ਮੈਂ ਦਸਤਖਤ ਕਰ ਦਿੱਤੇ। ਇਸਾਬੇਲ ਨੇ ਰੋਂਦਿਆਂ ਕਿਹਾ ਕਿ ਅਖੀਰ ਮੈਨੂੰ ਆਪਣੇ ਬੱਚੇ ਦੀ ਜਾਨ ਬਚਾਉਣ ਤੇ ਆਪਣੀ ਮਦਦ ਲਈ ਵੈਨੇਜ਼ੁਏਲਾ ਪਰਤਣ ਲਈ ਬੱਚਾ ਉਹਨਾਂ ਨੂੰ ਦੇਣਾ ਪਿਆ।

ਇਕ ਗੈਰ-ਸਰਕਾਰੀ ਸੰਸਥਾ ਦੀ ਮਦਦ ਨਾਲ ਇਸਾਬੇਲ ਨੇ ਆਪਣੇ ਬੇਟੇ ਨੂੰ ਵਾਪਸ ਹਾਸਲ ਕਰਨ ਦੀ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਬੇਟਾ ਅਜੇ ਤ੍ਰਿਨਿਡਾਡ ਪ੍ਰਸ਼ਾਸਨ ਦੀ ਸੁਰੱਖਿਆ ਵਿਚ ਹੈ। ਅਜੇ ਇਸਾਬੇਲ ਨੂੰ ਹਫਤੇ ਵਿਚ ਇਕ ਵਾਰ ਆਪਣੇ ਬੱਚੇ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ। ਇਸਾਬੇਲ ਕਹਿੰਦੀ ਹੈ ਕਿ ਉਹ ਆਪਣਾ ਬੱਚਾ ਹਾਸਲ ਕੀਤੇ ਬਿਨਾਂ ਚੁੱਪ ਨਹੀਂ ਬੈਠੇਗੀ।

Baljit Singh

This news is Content Editor Baljit Singh