ਵੈਨੇਜ਼ੁਏਲਾ ਸਰਕਾਰ ਨੇ ਗੁਈਦੋ ਦੇ ਚੋਟੀ ਦੇ ਸਹਾਇਕ ਨੂੰ ਕੀਤਾ ਗ੍ਰਿਫਤਾਰ

03/22/2019 5:24:53 PM

ਕਰਾਕਸ (ਏਜੰਸੀ)- ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸਰਕਾਰ ਨੇ ਅਮਰੀਕਾ ਨੂੰ ਅਣਦੇਖਿਆਂ ਕਰਦੇ ਹੋਏ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਈਦੋ ਦੇ ਚੋਟੀ ਦੇ ਸਹਾਇਕ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਅਮਰੀਕਾ ਸੰਕਟ ਨਾਲ ਜੂਝ ਰਹੇ ਦੇਸ਼ ਵਿਚ ਗੁਈਦੋ ਨੂੰ ਅੰਤਰਿਮ ਰਾਸ਼ਟਰਪਤੀ ਵਜੋਂ ਮਾਨਤਾ ਦਿੱਤੀ ਹੈ। ਗ੍ਰਹਿ ਮੰਤਰੀ ਨੈਸਟਰ ਰੇਵੇਰਲ ਨੇ ਗੁਈਦੋ ਦੇ ਚੀਫ ਆਫ ਸਟਾਫ 49 ਸਾਲਾ ਰਾਬਰਟ ਮਰੇਰੋ 'ਤੇ ਅੱਤਵਾਦੀ ਧੜੇ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਨੇ ਇਸ ਧੜੇ 'ਤੇ ਕੋਲੰਬੀਆ ਅਤੇ ਮੱਧ ਅਮਰੀਕੀ ਫੌਜੀਆਂ ਦੀ ਮਦਦ ਨਾਲ ਸਰਕਾਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਦੱਸਿਆ ਕਿ ਮਰੇਰੋ ਦੇ ਘਰ 'ਤੇ ਛਾਪੇ ਵਿਚ ਹਥਿਆਰ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮਰੇਰੋ ਦੇ 34 ਸਾਲਾ ਸੁਰੱਖਿਆ ਗਾਰਡ ਲੁਈਸ ਪੇਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਵੀ ਅਜਿਹੇ ਹੀ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੇ ਸਹਿਯੋਗੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਬਾਅਦ ਵਿਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਉਹ ਅੱਤਵਾਦੀ ਧੜਿਆਂ ਨਾਲ ਲੜਣ ਲਈ ਉਨ੍ਹਾਂ ਨੂੰ ਜੇਲ ਵਿਚ ਸੁੱਟਣ ਤੋਂ ਵੀ ਨਹੀਂ ਝਿਜਕਦੇ। ਇਸ ਗ੍ਰਿਫਤਾਰੀ ਨਾਲ ਕੌਮਾਂਤਰੀ ਪੱਧਰ 'ਤੇ ਚਿੰਤਾ ਪੈਦਾ ਹੋ ਗਈ।

Sunny Mehra

This news is Content Editor Sunny Mehra