ਵੈਨੇਜ਼ੁਏਲਾ : ਬਿਜਲੀ ਠੱਪ ਹੋਣ ਕਾਰਨ ਇਲਾਜ ਵੀ ਪ੍ਰਭਾਵਿਤ, 15 ਮਰੀਜ਼ਾਂ ਦੀ ਮੌਤ

03/10/2019 9:49:52 AM

ਕਾਰਾਕਸ, (ਏਜੰਸੀ)— ਵੈਨਜ਼ੁਏਲਾ 'ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਡਨੀ ਦੀ ਬੀਮਾਰੀ ਨਾਲ ਪੀੜਤ 15 ਲੋਕਾਂ ਦਾ ਡਾਇਲਿਸਸ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰਾਂ ਲਈ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ਕੋਡੇਵਿਡਾ ਦੇ ਨਿਰਦੇਸ਼ਕ ਫ੍ਰਾਂਸਿਸਕੋ ਵਾਲੇਨਿਸਆ ਨੇ ਕਿਹਾ,''ਕੱਲ ਅਤੇ ਅੱਜ ਵਿਚਕਾਰ ਡਾਇਲਿਸਸ ਨਾ ਹੋਣ ਕਾਰਨ 15 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਲੋਕਾਂ ਦੀ ਕਿਡਨੀ ਖਰਾਬ ਹੋ ਗਈ ਹੈ, ਉਹ ਬਹੁਤ ਮੁਸ਼ਕਿਲ ਸਥਿਤੀ 'ਚ ਹਨ। ਅਸੀਂ ਤਕਰੀਬਨ 95 ਫੀਸਦੀ ਡਾਇਲਿਸਸ ਇਕਾਈਆਂ ਦੀ ਗੱਲ ਕਰ ਰਹੇ ਹਾਂ ਜੋ ਭਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅੱਜ ਇਨ੍ਹਾਂ ਦੀ ਗਿਣਤੀ 100 ਫੀਸਦੀ ਪੁੱਜਣ ਦਾ ਸ਼ੱਕ ਹੈ।''


ਇਸ ਵਿਚਕਾਰ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਇਕ ਨਵੇਂ ਸਾਈਬਰਨੇਟਿਕਸ ਹਮਲੇ ਕਾਰਨ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਬਹਾਲ ਕਰਨ 'ਚ ਮੁਸ਼ਕਲਾਂ ਪੇਸ਼ ਆਈਆਂ। ਮਾਦੁਰੋ ਨੇ ਕਾਰਾਕਸ 'ਚ ਸਮਰਥਕਾਂ ਨੂੰ ਦੱਸਿਆ ਕਿ ਤਕਰੀਬਨ 70 ਫੀਸਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ ਤਦ ਠੀਕ ਤਰੀਕੇ ਨਾਲ ਕੰਮ ਕਰ ਰਹੇ ਇਕ ਜਰਨੇਟਰ 'ਤੇ ਇਕ ਹੋਰ ਸਾਈਬਰਨੇਟਿਕਸ ਹਮਲਾ ਹੋਇਆ ਅਤੇ ਉਨ੍ਹਾਂ ਨੂੰ ਜੋ ਸਫਲਤਾ ਮਿਲੀ ਸੀ, ਉਸ 'ਤੇ ਵੀ ਪਾਣੀ ਫਿਰ ਗਿਆ।''


ਇਸ ਦੌਰਾਨ ਵੈਨਜ਼ੁਏਲਾ 'ਚ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਈਡੋ ਨੇ ਸ਼ਨੀਵਾਰ ਨੂੰ ਲੋਕਾਂ ਤੋਂ ਦੇਸ਼ ਭਰ 'ਚ ਵਿਰੋਧ ਰੈਲੀ ਕੱਢਣ ਦੀ ਅਪੀਲ ਕੀਤੀ ਹੈ ਅਤੇ ਹਜ਼ਾਰਾਂ ਲੋਕ ਸੜਕਾਂ 'ਤੇ ਆ ਗਏ ਹਨ। ਜ਼ਿਕਰਯੋਗ ਹੈ ਕਿ ਗੁਈਡੋ, ਮਾਦੁਰੋ ਨੂੰ ਸੱਤਾ ਤੋਂ ਬੇਦਖਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਆਪਣੇ-ਆਪ ਨੂੰ ਅੰਤ੍ਰਿਮ ਰਾਸ਼ਟਰਪਤੀ ਘੋਸ਼ਿਤ ਕਰ ਚੁੱਕੇ ਹਨ। ਗੁਈਡੋ ਨੂੰ ਅਮਰੀਕਾ ਸਮੇਤ 50 ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ।