ਵੈਨਜ਼ੁਏਲਾ ਦੇ ਵਿਰੋਧੀ ਦਲ ''ਤੇ ਅੱਤਵਾਦੀ ਹਮਲੇ ਦੀ ਯੋਜਨਾ ਦਾ ਦੋਸ਼

12/15/2019 12:50:14 PM

ਆਇਰਸ— ਵੈਨਜ਼ੁਏਲਾ ਦੇ ਸੰਚਾਰ ਤੇ ਸੂਚਨਾ ਮੰਤਰੀ ਜਾਰਗ ਰੋਡਰਗੁਜੇ ਨੇ ਵਿਰੋਧੀ ਦਲ 'ਤੇ ਦੇਸ਼ ਦੇ ਉੱਤਰੀ ਸਸਰੇ ਸੂਬੇ 'ਚ ਫੌਜ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਟੀ. ਵੀ. ਰਿਪੋਰਟਾਂ ਮੁਤਾਬਕ ਰੋਡਰਗੁਜੇ ਨੇ ਦੋਸ਼ ਲਗਾਇਆ ਕਿ ਵਿਰੋਧੀ ਨੇਤਾ ਜੁਆਨ ਗੁਇਡੋ, ਲਿਓਪੋਲਡੋ, ਯਨੇਤ ਫੇਰਮਿਨ ਅਤੇ ਫਰਨਾਂਡੋ ਓਜਕੋ ਕ੍ਰਿਸਮਸ ਦੇ ਮੌਕੇ ਫੌਜ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ। ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਸ਼ਾਸਨ ਨੇ ਹਮਲੇ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਹਮਲੇ ਲਈ ਕੋਲੰਬੀਆ ਨੇ ਵਿੱਤੀ ਮਦਦ ਮੁਹੱਈਆ ਕਰਵਾਈ ਸੀ।

ਜ਼ਿਕਰਯੋਗ ਹੈ ਕਿ ਜਨਵਰੀ 'ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਵਿਰੋਧੀ ਨੇਤਾ ਨੇ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਘੋਸ਼ਤ ਕਰ ਦਿੱਤਾ ਸੀ ਤਦ ਤੋਂ ਇਹ ਦੇਸ਼ ਕਈ ਤਰ੍ਹਾਂ ਦੇ ਰਾਜਨੀਤਕ ਸੰਕਟ ਨਾਲ ਜੂਝ ਰਿਹਾ ਹੈ। ਮਾਦੁਰੋ ਦਾ ਦੋਸ਼ ਹੈ ਕਿ ਵਿਰੋਧੀ ਨੇਤਾ ਅਮਰੀਕਾ ਦੇ ਹੱਥ ਦੀ ਕਠਪੁਤਲੀ ਹਨ। ਉਹ ਉਸ ਦੀ ਮਦਦ ਨਾਲ ਫੌਜੀ ਤਖਤਾ ਪਲਟ ਕਰਨਾ ਚਾਹੁੰਦੇ ਹਨ ਤਾਂ ਕਿ ਅਮਰੀਕਾ ਵੈਨਜ਼ੁਏਲਾ ਦੇ ਕੁਦਰਤੀ ਸਰੋਤਾਂ 'ਤੇ ਕੰਟਰੋਲ ਕਰ ਸਕੇ। ਮਾਦੁਰੋ ਨੂੰ ਚੀਨ ਅਤੇ ਰੂਸ ਦਾ ਸਮਰਥਨ ਮਿਲ ਰਿਹਾ ਹੈ ਜਦਕਿ ਅਮਰੀਕਾ ਦੇ ਇਲਾਵਾ ਕੈਨੇਡਾ, ਅਰਜਨਟੀਨਾ, ਬ੍ਰਾਜ਼ੀਲ, ਕੋਲੰਬੀਆ, ਕੋਸਟਾ ਰੀਕਾ, ਗੁਆਟੇਮਾਲਾ, ਹੋਂਡੂਰਾਸ, ਪਨਾਮਾ, ਪੈਰਾਗਵੇ ਅਤੇ ਪੇਰੂ ਸਣੇ 54 ਦੇਸ਼ਾਂ ਨੇ ਗੁਇਡੋ ਨੂੰ ਵੈਨਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦਿੱਤੀ ਹੈ।

ਸੂਤਰਾਂ ਮੁਤਾਬਕ,''ਮਾਦੁਰੋ ਦੀ ਅਗਵਾਈ 'ਚ ਕਈ ਸਾਲਾਂ ਤੋਂ ਵੈਨਜ਼ੁਏਲਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਧਦੀਆਂ ਕੀਮਤਾਂ ਦੇ ਇਲਾਵਾ ਖਾਣ-ਪੀਣ ਤੇ ਦਵਾਈਆਂ ਦੀ ਕਮੀ ਕਾਰਨ ਲੱਖਾਂ ਲੋਕਾਂ ਨੇ ਵੈਨਜ਼ੁਏਲਾ ਤੋਂ ਪਲਾਇਨ ਵੀ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਵੈਨਜ਼ੁਏਲਾ ਦੇ 27 ਲੱਖ ਲੋਕਾਂ ਨੇ ਲੈਟਿਨ ਅਮਰੀਕੀ ਅਤੇ ਕੈਰੇਬੀਆਈ ਦੇਸ਼ਾਂ 'ਚ ਸ਼ਰਣ ਲਈ ਹੋਈ ਹੈ।''