ਜਰਮਨੀ ''ਚ ਭੀੜ ''ਤੇ ਕਾਰ ਚੜ੍ਹਾਏ ਜਾਣ ਦੇ ਮਾਮਲੇ ''ਚ ਪੁਲਸ ਜਾਂਚ ਜਾਰੀ

04/08/2018 11:19:59 AM

ਬਰਲਿਨ— ਜਰਮਨੀ ਦੇ ਮਿਉਨਸਟਰ ਸ਼ਹਿਰ ਵਿਚ ਇਕ ਲੋਕਪ੍ਰਿਅ ਬਾਰ ਦੇ ਬਾਹਰ ਮੌਜੂਦ ਭੀੜ 'ਤੇ ਕਾਰ ਚੜ੍ਹਾਏ ਜਾਣ ਦੇ ਮਾਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਦੇ ਕਰੀਬ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕਾਰ ਡਰਾਈਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਜਰਮਨੀ ਦੇ ਇਕ ਉੱਚ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਇਸਲਾਮੀ ਅੱਤਵਾਦੀਆਂ ਦੇ ਹੱਥ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹਾਲਾਂਕਿ ਅਧਿਕਾਰੀ ਇਸ ਘਟਨਾ ਦੀ ਜਾਂਚ 'ਚ ਜੁੱਟੇ ਹੋਏ ਹਨ। 
ਇਹ ਘਟਨਾ ਸ਼ਨੀਵਾਰ ਦੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ 3 ਵਜ ਕੇ 27 ਮਿੰਟ 'ਤੇ ਵਾਪਰੀ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸ਼ਹਿਰ ਦੇ ਚੌਰਾਹੇ ਤੋਂ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪੁਲਸ ਨੇ ਜਾਂਚ ਦੇ ਮਕਸਦ ਤੋਂ ਤੁਰੰਤ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ। ਪੁਲਸ ਬੁਲਾਰੇ ਆਂਦਰੇਸ ਬੋਡ ਨੇ ਦੱਸਿਆ ਕਿ 20 ਜ਼ਖਮੀਆਂ 'ਚੋਂ 6 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸੂਬੇ ਦੇ ਅੰਦਰੂਨੀ ਮੰਤਰੀ ਹਰਬਰਟ ਰੇਉਲ ਨੇ ਦੱਸਿਆ ਕਿ ਜਿਸ ਕਾਰ ਨਾਲ ਹਮਲਾ ਹੋਇਆ, ਉਸ ਦਾ ਡਰਾਈਵਰ ਜਰਮਨੀ ਦਾ ਨਾਗਰਿਕ ਸੀ। ਉਨ੍ਹਾਂ ਨੇ ਕਿਹਾ ਕਿ ਘਟਨਾ ਦੇ ਪਿੱਛੇ ਇਸਲਾਮੀ ਪਿੱਠਭੂਮੀ ਦੇ ਕੋਈ ਸੰਕੇਤ ਨਜ਼ਰ ਨਹੀਂ ਆਉਂਦੇ। ਸਾਨੂੰ ਉਡੀਕ ਕਰਨੀ ਹੋਵੇਗੀ ਅਤੇ ਹਰ ਪਹਿਲੂ 'ਤੇ ਜਾਂਚ ਕਰ ਰਹੇ ਹਾਂ। ਇਹ ਸਪੱਸ਼ਟ ਤੌਰ 'ਤੇ ਪ੍ਰਤੀਤ ਹੋ ਰਿਹਾ ਹੈ ਕਿ ਇਹ ਕੋਈ ਘਟਨਾ ਨਹੀਂ ਸੀ।