ਅਮਰੀਕਾ ''ਚ ਮਨਾਇਆ ਜਾਵੇਗਾ ਪੰਜਾਬੀਆਂ ਨੂੰ ਸਮਰਪਿਤ ਵਿਸਾਖੀ ਸੱਭਿਆਚਾਰਕ ਮੇਲਾ

03/26/2019 10:05:22 AM

ਮੈਰੀਲੈਂਡ, (ਰਾਜ ਗੋਗਨਾ)— ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮੁਫਤ ਸੱਭਿਆਚਾਰਕ ਪੰਜਾਬੀ ਮੇਲਾ ਵਿਸਾਖੀ ਅਮਰੀਕਾ ਦੇ ਸ਼ਹਿਰ ਮੈਰੀਲੈਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਨੂੰ 'ਸਿੱਖਸ ਆਫ ਅਮਰੀਕਾ' ਜਥੇਬੰਦੀ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਇਸ ਆਸ਼ੇ ਨਾਲ ਕਰਵਾ ਰਹੇ ਹਨ ਕਿ ਪੰਜਾਬੀ ਅਮਰੀਕਾ ਵਿੱਚ ਆਪਣੀ ਪਹਿਚਾਣ ਨੂੰ ਮਜ਼ਬੂਤ ਕਰ ਸਕਣ ਅਤੇ ਪੰਜਾਬੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਲਈ ਥਾਂ ਬਣਾ ਸਕਣ। ਇੱਥੋਂ ਤੱਕ ਕਿ ਪੰਜਾਬੀ ਅਮਰੀਕਾ ਦੇ ਰਾਜਨੀਤਕਾਂ ਵਿੱਚ ਸ਼ੁਮਾਰ ਹੋ ਸਕਣ। ਭਾਵੇਂ ਕਈ ਸੰਸਥਾਵਾਂ ਅਜਿਹੇ ਮੇਲੇ ਕਰਵਾਉਂਦੀਆਂ ਆ ਰਹੀਆਂ ਹਨ ਪਰ 'ਸਿੱਖਸ ਆਫ ਅਮਰੀਕਾ' ਦਾ ਨਿਵੇਕਲਾ ਉਪਰਾਲਾ ਜਿੱਥੇ ਪੰਜਾਬੀਆਂ ਦੇ ਰੁਤਬੇ ਨੂੰ ਚਾਰ ਚੰਨ ਲਗਾਵੇਗਾ, ਉੱਥੇ ਪੰਜਾਬੀਆਂ ਦੇ ਸੱਭਿਆਚਾਰਕ ਰੰਗ ਨੂੰ ਵੀ ਦੂਰ-ਦੁਰਾਡੇ ਤੱਕ ਬਿਖੇਰੇਗਾ।

ਇਹ ਮੇਲਾ 12 ਮਈ ਦਿਨ ਐਤਵਾਰ ਨੂੰ ਮੈਰੀਲੈਂਡ ਦੇ ਵੈਦਰ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ ਜੋ ਸਵੇਰੇ 11 ਵਜੇ ਤੋਂ ਲੈ ਕੇ ਰਾਤੀਂ 8 ਵਜੇ ਤੱਕ ਪੰਜਾਬੀਆਂ ਨੂੰ ਉਨ੍ਹਾਂ ਦੀ ਰੂਹ ਦੀ ਖੁਰਾਕ ਸੱਭਿਅਕ ਰੰਗਾਂ ਨਾਲ ਪੂਰੀ ਕਰੇਗਾ। ਇਸ ਮੇਲੇ ਵਿੱਚ ਮੁਫਤ ਪ੍ਰਵੇਸ਼, ਮੁਫਤ ਪਾਰਕਿੰਗ ਅਤੇ ਮੁਫਤ ਰੀਕਰੇਸ਼ਨ ਦਾ ਪ੍ਰਬੰਧ ਹੋਵੇਗਾ। ਇਸ ਮੇਲੇ ਤੇ ਇੱਕ ਸੋਵੀਨਰ ਵੀ ਕੱਢਿਆ ਜਾ ਰਿਹਾ ਹੈ ਜੋ ਸਪਾਂਸਰ, ਬਿਜ਼ਨਸਮੈਨ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਸਬੰਧੀ ਉਭਾਰੇਗਾ। ਇਸ ਦੇ ਮੁੱਢਲੇ ਪ੍ਰਬੰਧਾਂ ਦੀ ਪਲੇਠੀ ਮੀਟਿੰਗ ਵਿੱਚ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਸਾਰੀਆਂ ਟੀਮਾਂ ਆਪੋ-ਆਪਣੀਆਂ ਡਿਊਟੀਆਂ ਸੰਭਾਲ ਕੇ ਕੰਮਾਂ ਵਿੱਚ ਜੁਟ ਗਈਆਂ ਹਨ। ਇਸ ਮੇਲੇ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ਼ਾਲੀਨੀ, ਰਾਜ ਸੈਣੀ, ਬਲਜਿੰਦਰ ਸਿੰਘ ਸ਼ੰਮੀ, ਮੀਤਾ ਸਲੂਜਾ, ਗੁਰਪ੍ਰਤਾਪ ਸਿੰਘ ਵੱਲ੍ਹਾ ਤੇ ਡਾ. ਸੁਰਿੰਦਰ ਸਿੰਘ ਗਿੱਲ ਅਹਿਮ ਰੋਲ ਨਿਭਾਉਣਗੇ। 

ਸਟਾਲਾਂ, ਸੱਭਿਅਕ ਰੰਗਾਂ ਦੀ ਧਮਾਲ ਤੋਂ ਇਲਾਵਾ ਕਾਂਗਰਸਮੈਨ, ਸੈਨੇਟਰ ਅਤੇ ਉੱਘੀਆਂ ਸਖਸ਼ੀਅਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਰਕਾਰੇ ਦਰਬਾਰੇ ਪਹੁੰਚ ਸ਼ੁਰੂ ਕਰ ਦਿੱਤੀ ਹੈ। ਪੰਜਾਬੀਆਂ ਦੇ ਮਨੋਰੰਜਨ ਲਈ ਭੰਗੜੇ, ਗਿੱਧੇ ਅਤੇ ਸਿੱਖੀ ਪਹਿਚਾਣ ਲਈ ਦਸਤਾਰ ਮੁਕਾਬਲਿਆਂ ਲਈ ਵੀ ਅਹਿਮ ਥਾਂ ਰੱਖੀ ਗਈ ਹੈ। ਇਸ ਮੁਫਤ ਸੱਭਿਅਕ ਮੇਲੇ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਾਡਾ ਵਿਰਸਾ ਮਜ਼ਬੂਤੀ ਅਤੇ ਖੂਬਸੂਰਤੀ ਨਾਲ ਆਪਣਾ ਪਸਾਰਾ ਅਮਰੀਕੀਆਂ ਵਿੱਚ ਕਰ ਸਕੇ ਤਾਂ ਜੋ ਪੰਜਾਬੀ ਆਪਣੀ ਪੈੜ ਰਾਜਨੀਤਿਕ ਫੀਲਡ ਵਿੱਚ ਸਹਿਜੇ ਹੀ ਬਣਾ ਸਕਣ। ਇਸ ਲਈ 'ਸਿੱਖਸ ਆਫ ਅਮਰੀਕਾ' ਵਲੋਂ ਇਹ ਪਲੇਟ ਫਾਰਮ ਪੰਜਾਬੀਆਂ ਨੂੰ ਮੈਰੀਲੈਂਡ ਦੀ ਧਰਤੀ 'ਤੇ ਮੁਹੱਈਆ ਕਰ ਰਿਹਾ ਹੈ। ਇਸ ਲਈ ਡਾ. ਦਰਸ਼ਨ ਸਿੰਘ ਸਲੂਜਾ, ਸਰਬਜੀਤ ਸਿੰਘ ਬਖਸ਼ੀ, ਸਾਜਿਦ ਤਰਾਰ, ਕੰਵਲਜੀਤ ਸਿੰਘ ਸੋਨੀ, ਸਾਲਨੀ, ਰਾਜ ਸੈਣੀ, ਬਲਜਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ ਅਤੇ ਜਸਦੀਪ ਸਿੰਘ ਜੱਸੀ ਨੇ ਅਹਿਮ ਰੋਲ ਅਦਾ ਕੀਤਾ ਹੈ।