ਮੈਲਬੌਰਨ ਦੀ 'ਲਾ ਟਰੋਬ ਯੂਨੀਵਰਸਿਟੀ' ਚ ਮਨਾਈ ਗਈ ਵਿਸਾਖੀ, ਸਿਰਾਂ 'ਤੇ ਸਜਾਈਆਂ ਗਈਆਂ ਦਸਤਾਰਾਂ

04/21/2018 4:09:02 PM

ਮੈਲਬੌਰਨ , (ਮਨਦੀਪ ਸਿੰਘ ਸੈਣੀ)— ਬੀਤੇ ਦਿਨੀਂ ਮੈਲਬੌਰਨ ਦੀ ਲਾ ਟਰੋਬ ਯੂਨੀਵਰਸਿਟੀ ਦੇ ਬੰਡੂਰਾ ਕੈਂਪਸ ਵਿਚ ਸਿੱਖ ਵੇਵ, ਗੁਰਦੁਆਰਾ ਖਾਲਸਾ ਛਾਉਣੀ ਪਲੰਪਟਨ, ਟਰਬਨਜ਼ ਫਾਰ ਆਸਟ੍ਰੇਲੀਆ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਪੰਜਾਬੀ ਭਾਈਚਾਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੋ ਨਿਬੜੀ ਕਿ ਪਿਛਲੇ 50 ਸਾਲ ਦੇ ਇਤਿਹਾਸ 'ਚ ਇਸ ਆਸਟ੍ਰੇਲੀਆਈੂਯੂਨੀਵਰਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ।

ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੇ ਜਥੇ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਯੂਨੀਵਰਸਿਟੀ ਦੀ ਉੱਪ ਕੁੱਲਪਤੀ ਕੇਰੀ ਲੀ ਕ੍ਰੋਸ ਨੇ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲਿਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਗਰੀਨ ਪਾਰਟੀ ਆਸਟ੍ਰੇਲੀਆ ਦੀ ਸਿੱਖ ਬੀਬੀ ਅਲੈਕਸ ਕੌਰ ਭੱਠਲ ਨੇ ਵੀ ਸਮੂਹ ਖਾਲਸਾ ਪੰਥ ਨੂੰ ਵਿਸਾਖੀ ਦੀ ਵਧਾਈ ਦਿੱਤੀ।

ਇਸ ਮੌਕੇ ਆਸਟ੍ਰੇਲੀਆਈ ਲੋਕਾਂ ਨੂੰ ਦਸਤਾਰ ਬਾਰੇ ਹੋਰ ਜਾਗਰੂਕ ਕਰਨ ਲਈ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੇ ਰੰਗ-ਬਰੰਗੀਆਂ ਦਸਤਾਰਾਂ ਵੀ ਸਜਾਈਆਂ ਗਈਆਂ। ਕੈਨੇਡਾ ਦੇ ਮਸ਼ਹੂਰ ਚਿੱਤਰਕਾਰ ਪਰਮ ਸਿੰਘ ਨੇ ਆਪਣੀਆਂ ਕਲਾਕ੍ਰਿਤਾਂ ਨਾਲ ਸਾਂਝ ਪਾਈ। ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਅਤੇ ਅਖੀਰ ਵਿਚ ਸਮੂਹ ਪ੍ਰਬੰਧਕਾਂ ਨੇ ਹਾਜ਼ਰ ਸੰਗਤਾਂ ਦਾ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।