ਉਈਗਰ ਮੁਸਲਮਾਨਾਂ ਨੂੰ ਸੂਰ ਦਾ ਮਾਸ ਖਾਣ ਨੂੰ ਮਜ਼ਬੂਰ ਕਰ ਰਿਹੈ ਚੀਨ

12/05/2020 8:05:14 PM

ਸਟਾਕਹੋਮ, (ਏਜੰਸੀਆਂ)- ਉਈਗਰ ਮੁਸਲਮਾਨਾਂ ਖ਼ਿਲਾਫ਼ ਚੀਨ ਦਾ ਦਮਨ ਚੱਕਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਚੀਨ ਉਈਗਰ ਮੁਸਲਿਮਾਂ ਨੂੰ ਹਰ ਸ਼ੁੱਕਰਵਾਰ ਨੂੰ ‘ਰੀ ਐਜੂਕੇਸ਼ਨ ਕੈਂਪ’ ’ਚ ਸੂਰ ਦਾ ਮਾਸ ਖਾਣ ਨੂੰ ਮਜ਼ਬੂਰ ਰਿਹਾ ਹੈ। ਚੀਨ ਸਰਕਾਰ ਦੀ ਇਸ ਨਾਪਾਕ ਹਰਕਤ ਦਾ ਸ਼ਿਕਾਰ ਰਹੀ ਸਯਾਰਗੁੱਲ ਸੌਤਬੇ ਨੇ ਇਸਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਉਈਗਰ ਮੁਸਲਮਾਨ ਅਜਿਹਾ ਕਰਨ ਤੋਂ ਮਨਾ ਕਰ ਦਿੰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਇਹੋ ਨਹੀਂ, ਸ਼ਿਨਜਿਆਂਗ ਇਲਾਕੇ ’ਚ ਸੂਰ ਪਾਲਣ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ।

ਸਯਾਰਗੁੱਲ ਨੇ ਅਲਜਜੀਰਾ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਸਾਨੂੰ ਸੂਰ ਦਾ ਮਾਸ ਖਾਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜਾਣ ਬੁੱਝ ਕੇ ਸ਼ੁੱਕਰਵਾਰ ਦਾ ਦਿਨ ਚੁਣਿਆ ਹੈ ਜੋ ਮੁਸਲਮਾਨਾਂ ਲਈ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਸਯਾਰਗੁੱਲ ਸੌਤਬੇ ਸਵੀਡਨ ’ਚ ਡਾਕਟਰ ਅਤੇ ਟੀਚਰ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਇਕ ਕਿਤਾਬ ਪ੍ਰਕਾਸ਼ਤ ਕੀਤੀ ਹੈ ਅਤੇ ਇਸ ਵਿਚ ਆਪਣੇ ਨਾਲ ਹੋਏ ਤਸੀਹਿਆਂ ਅਤੇ ਕੁੱਟ-ਕੁਟਾਪੇ ਦਾ ਜ਼ਿਕਰ ਕੀਤਾ ਹੈ।

ਚੀਨ ਦੇ ਦਮਨ ਦਾ ਸ਼ਿਕਾਰ ਰਹੀ ਇਕ ਹੋਰ ਔਰਤ ਬਿਜਨੈੱਸ ਮੈਨ ਜੁਮਰੇਤ ਦਾਉਤ ਹੈ ਜਿਸਨੂੰ ਮਾਰਚ 2018 ’ਚ ਉਰੁਮੇਕੀ ’ਚ ਫੜਿਆ ਗਿਆ ਸੀ। ਉਸਨੇ ਕਿਹਾ ਕਿ ਦੋ ਮਹੀਨਿਆਂ ਤਕ ਮੇਰੇ ਨਾਲ ਸਿਰਫ ਪਾਕਿਸਤਾਨ ਦੇ ਨਾਲ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਹੁੰਦੀ ਰਹੀ ਜੋ ਉਸ ਦੇ ਪਤੀ ਦਾ ਦੇਸ਼ ਸੀ।
 

Sanjeev

This news is Content Editor Sanjeev