ਮਨੀ ਲਾਂਡ੍ਰਿੰਗ ਰਾਹੀਂ 5.3 ਅਰਬ ਡਾਲਰ ਦੀ ਰਕਮ ਭੇਜੀ ਗਈ ਬਾਹਰ: ਪਾਕਿ ਸਰਕਾਰ

11/13/2018 3:08:17 PM

ਇਸਲਾਮਾਬਾਦ— ਸਰਕਾਰ ਦਾ ਕਹਿਣਾ ਹੈ ਕਿ ਕਰੀਬ 5.3 ਅਰਬ ਡਾਲਰ ਦੀ ਜਾਇਦਾਦ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਤੋਂ ਬਾਹਰ ਭੇਜੀ ਗਈ ਹੈ। ਜਵਾਬਦੇਹੀ ਬਿਊਰੋ ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਹਜ਼ਾਦ ਅਕਬਰ ਨੇ ਸੋਮਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਹੁਣ ਤੱਕ 5000 ਤੋਂ ਜ਼ਿਆਦਾ ਫਰਜ਼ੀ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਵਰਤੋਂ ਮਨੀ ਲਾਂਡਰਿੰਗ ਲਈ ਕੀਤੀ ਗਈ ਸੀ।

ਉਨ੍ਹਾਂ ਅਸੈਟਸ ਰਿਕਵਰੀ ਯੂਨਿਟ ਦੇ ਕੰਮ 'ਚ ਪ੍ਰਗਤੀ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਕਥਿਤ ਮਨੀ ਲਾਂਡਿੰਗ ਦੇ ਰਾਹੀਂ 5.3 ਅਰਬ ਡਾਲਰ ਦੀ ਜਾਇਦਾਦ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਤੋਂ ਬਾਹਰ ਲਿਜਾਈ ਗਈ। ਇਹ ਰਾਸ਼ੀ 700 ਅਰਬ ਰੁਪਏ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ਾਂ 'ਚ ਜਮਾ ਗੈਰ-ਕਾਨੂੰਨੀ ਧਨ ਨੂੰ ਵਾਪਸ ਲਿਆਉਣ ਲਈ ਅਸੈਟਸ ਰਿਕਵਰੀ ਯੂਨਿਟ ਦੀ ਸਥਾਪਨਾ ਕੀਤੀ ਸੀ। ਅਕਬਰ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਤੇ ਸੰਯੁਕਤ ਅਰਬ ਅਮੀਰਾਤ ਸਣੇ 10 ਦੇਸ਼ਾਂ 'ਤੇ ਉਨ੍ਹਾਂ ਦਾ ਫੋਕਸ ਹੈ। ਇਕੱਲੇ ਦੁਬਈ 'ਚ ਭੂਮੀ ਅਧਿਕਾਰ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਨਾਗਰਿਕ ਜਾਇਦਾਦ ਦੇ ਤੀਜੇ ਸਭ ਤੋਂ ਵੱਡੇ ਮਾਲਕ ਹਨ।