ਸਪਰਿੰਗਫੀਲਡ ਵਿਸ਼ਵ ਸੱਭਿਆਚਾਰਕ ਮੇਲੇ ''ਚ ਸਿੱਖਾਂ ਦੀ ਪਛਾਣ ਬਣੀ ਖਿੱਚ ਦਾ ਕੇਂਦਰ

10/14/2019 8:24:52 AM

ਡੇਟਨ, (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 23ਵਾਂ ਵਿਸ਼ਵ ਪੱਧਰੀ ਸੱਭਿਆਚਾਰਕ ਮੇਲਾ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਅਮਰੀਕਾ ਵਿਚ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿਚ ਵਿਸ਼ਵ ਸੱਭਿਆਚਾਰਕ ਮੇਲੇ ਲੱਗਦੇ ਹਨ।

ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰ, ਸੰਗੀਤ ਅਤੇ ਨਾਚਾਂ ਵਿੱਚ ਸਾਂਝਾ ਅਤੇ ਵਖਰੇਵਿਆਂ ਤੋਂ ਜਾਣਕਾਰੀ ਮਿਲਦੀ ਹੈ। ਆਪੋ-ਆਪਣੇ ਦੇਸ਼ ਦਾ ਪਹਿਰਾਵਾ, ਖਾਣਾ, ਰਹਿਣੀ-ਬਹਿਣੀ ਆਦਿ ਬਾਰੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਿੱਥੇ ਇਹ ਮੇਲੇ ਅਮਰੀਕੀਆਂ ਨੂੰ ਜਾਣਕਾਰੀ ਦਿੰਦੇ ਹਨ, ਉੱਥੇ ਹੀ ਅਮਰੀਕਾ ਵਿੱਚ ਵੱਸਦੇ ਲੋਕਾਂ ਨੂੰ ਆਪੋ-ਆਪਣੇ ਮੁਲਕ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ। ਸਪਰਿੰਗਫੀਲਡ ਦੇ ਇਸ ਮੇਲੇ ਵਿਚ ਇੱਥੋਂ ਦੇ ਵਸਨੀਕ ਅਵਤਾਰ ਸਿੰਘ ਪਰਿਵਾਰ ਸਮੇਤ ਪਿਛਲੇ 21 ਸਾਲਾਂ ਤੋਂ ਭਾਗ ਲੈਂਦੇ ਹਨ।

 

ਉਹ ਨੇੜਲੇ ਸ਼ਹਿਰ ਡੇਟਨ, ਸਿਨਸਿਨਾਟੀ  ਤੇ ਕੋਲੰਬਸ ਦੇ ਵਸਨੀਕਾਂ ਦੇ ਸਹਿਯੋਗ ਨਾਲ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ। ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖਾਂ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਲੋਕਾਂ ਵਲੋਂ ਖੁਸ਼ੀ-ਖੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।

 

ਮੇਲੇ ਵਿਚ ਜਦ ਹੀ ਦਸਤਾਰਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਗਈਆਂ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਵੱਡੀ ਗਿਣਤੀ ਵਿਚ ਦਸਤਾਰਾਂ ਸਜਾਈਆਂ ਗਈਆਂ। ਸਿੱਖਾਂ ਅਤੇ ਉਨ੍ਹਾਂ ਦੀ ਨਿਵਕੇਲੀ ਪਛਾਣ ਤੋਂ ਜਾਣੂ ਕਰਾਉਣ ਲਈ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸਿੱਖ ਫੌਜੀਆਂ, ਸਿੱਖਾਂ ਦੀ ਦਸਤਾਰ, ਕੇਸਾਂ ਤੇ ਸਿੱਖਾਂ ਨਾਲ ਸੰਬੰਧਿਤ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਗਈ।