ਅਮਰੀਕਾ : 12 ਅਗਸਤ ਨੂੰ ਐਲਕ ਗਰੋਵ ਪਾਰਕ ਵਿਖੇ ਮਨਾਇਆ ਜਾਵੇਗਾ 'ਤੀਆਂ ਦਾ ਤਿਉਹਾਰ'

05/25/2018 4:10:31 PM

ਸੈਕਰਾਮੈਂਟੋ,( ਰਾਜ ਗੋਗਨਾ )— 'ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ' ਵੱਲੋਂ 'ਤੀਆਂ ਤੀਜ਼ ਦੀਆਂ' ਦਾ ਤਿਉਹਾਰ 12 ਅਗਸਤ, ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੁਪਹਿਰ 1.30 ਤੋਂ 6.30 ਵਜੇ ਤੱਕ ਐਲਕ ਗਰੋਵ ਪਾਰਕ ਵਿਖੇ ਤੀਆਂ ਮਨਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਐਲਕ ਗਰੋਵ, ਸੈਕਰਾਮੈਂਟੋ 'ਚ ਖੁੱਲ੍ਹੇ ਮੈਦਾਨ ਵਿਚ ਛਾਂਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਹ ਤੀਆਂ, ਪੰਜਾਬ 'ਚ ਲੱਗਣ ਵਾਲੀਆਂ ਅਸਲੀ ਤੀਆਂ ਦੀ ਝਲਕ ਪੇਸ਼ ਕਰਦੀਆਂ ਹਨ। ਇਸ ਦੌਰਾਨ ਗੀਤ-ਸੰਗੀਤ, ਗਿੱਧਾ, ਬੋਲੀਆਂ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਕਰਵਾਈਆਂ ਜਾਣਗੀਆਂ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਵੀ ਲੱਗਣਗੇ, ਜੋ ਕਿ ਪੰਜਾਬ ਦਾ ਮਾਹੌਲ ਪੇਸ਼ ਕਰਨਗੇ। ਸਟੇਜ ਦੀ ਸੇਵਾ ਪ੍ਰਸਿੱਧ ਹੋਸਟ ਆਸ਼ਾ ਸ਼ਰਮਾ ਵੱਲੋਂ ਨਿਭਾਈ ਜਾਵੇਗੀ। ਐਂਟਰੀ ਅਤੇ ਪਾਰਕਿੰਗ ਵੀ ਮੁਫਤ ਹੋਵੇਗੀ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਤੀਆਂ ਨੂੰ ਦੇਖਣ ਲਈ ਕੈਲੀਫੋਰਨੀਆ ਤੋਂ ਔਰਤਾਂ, ਬੀਬੀਆਂ, ਬੱਚੀਆਂ ਪਹੁੰਚ ਕੇ ਆਨੰਦ ਮਾਣਦੀਆਂ ਹਨ ਅਤੇ ਆਸ ਹੈ ਕਿ ਇਸ ਵਾਰ ਵੀ ਬੀਬੀਆਂ ਵਧ-ਚੜ੍ਹ ਕੇ ਹਿੱਸਾ ਲੈਣਗੀਆਂ।