ਅਮਰੀਕਾ : ਪੰਜਾਬੀ ਮੂਲ ਦੇ ਟਰੱਕਿੰਗ ਕਾਰੋਬਾਰ ਦੇ ਮਾਲਕਾਂ ''ਤੇ ਬੀਮਾ ਧੋਖਾਧੜੀ ਦਾ ਦੋਸ਼

10/21/2020 9:05:04 AM

ਫਰਿਜ਼ਨੋ ,(ਗੁਰਿੰਦਰਜੀਤ ਨੀਟਾ ਮਾਛੀਕੇ)- ਪੰਜਾਬੀ ਲੋਕਾਂ ਨੇ ਦੁਨੀਆ ਦੇ ਹਰ ਖੇਤਰ ਵਿਚ ਜਾ ਕੇ ਆਪਣੀ ਮਿਹਨਤ ਦੇ ਦਮ ਤੇ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਸਾਰੀ ਕੌਂਮ ਦਾ ਸਿਰ ਉੱਚਾ ਕੀਤਾ ਹੈ ਪਰ ਕਈ ਵਾਰ ਕੁਝ ਕੁ ਗੈਰ-ਜ਼ਿੰਮੇਵਾਰ ਲੋਕ ਨਮੋਸ਼ੀ ਦਾ ਕਾਰਨ ਵੀ ਬਣਦੇ ਹਨ। ਅਜਿਹੀ ਹੀ ਨਮੋਸ਼ੀ ਦਾ ਮਾਮਲਾ ਸੈਕਰਾਮੈਂਟੋ ਵਿਚ ਸਾਹਮਣੇ ਆਇਆ ਹੈ। ਸੈਕਰਾਮੈਂਟੋ ਟਰੱਕਿੰਗ ਕੰਪਨੀ ਦੇ ਦੋ ਪੰਜਾਬੀ ਮੂਲ ਦੇ ਮਾਲਕਾਂ 'ਤੇ ਬੀਮਾ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ, ਜਿਸ ਦੇ ਨਤੀਜੇ ਵਜੋਂ  ਬੀਮਾ ਕਰਤਾ ਨੂੰ 2,34,000 ਪੌਂਡ ਅਤੇ ਰੋਜ਼ਗਾਰ ਵਿਕਾਸ ਵਿਭਾਗ (ਈ. ਡੀ. ਡੀ.) ਨੂੰ 220,000 ਡਾਲਰ ਦਾ ਨੁਕਸਾਨ ਹੋਇਆ ਹੈ।

ਹਰਦੀਪ ਸਿੰਘ (44) ਅਤੇ ਅਮਨਦੀਪ ਕੌਰ (36) 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਸੁਤੰਤਰ ਠੇਕੇਦਾਰ ਦੱਸ ਕੇ 1.4 ਮਿਲੀਅਨ ਡਾਲਰ ਦੀ ਤਨਖ਼ਾਹ ਤੋਂ ਘੱਟ ਪੇਅ ਰੋਲ ਬਣਾਇਆ, ਜਿਸ ਨਾਲ ਕਿ ਕਾਮਿਆਂ ਦੇ ਪ੍ਰੀਮੀਅਮ ਭੁਗਤਾਨ ਕਰਨ ਤੋਂ ਬਚ ਸਕਣ। ਸਿੰਘ ਅਤੇ ਕੌਰ ਦੀ ਇਹ ਕੰਪਨੀ ਟਰੱਸਟ ਟ੍ਰਾਂਸਪੋਰਟ ਇੰਕ. ਸੈਕਰਾਮੈਂਟੋ ਤੋਂ ਬਾਹਰ ਇਕ ਟਰੱਕਿੰਗ ਕੰਪਨੀ ਹੈ ਅਤੇ ਇਸ ਦਾ ਵੈਸਟ ਸੈਕਰਾਮੈਂਟੋ ਵਿਚ ਇਕ ਵੱਖਰਾ ਟਰੱਕਿੰਗ ਯਾਰਡ ਵੀ ਹੈ। ਇਨ੍ਹਾਂ ਦੋਵਾਂ ਨੇ ਫਰਵਰੀ 2014 ਤੋਂ ਅਕਤੂਬਰ 2016 ਤੱਕ ਆਪਣੇ ਕਰਮਚਾਰੀਆਂ ਨੂੰ  ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕਰਣ ਕੀਤਾ, ਜਿਸ ਨਾਲ ਕਾਮਿਆਂ ਦੀ ਅਦਾਇਗੀ ਕਰਨ ਦੇ ਤਰੀਕੇ ਬਦਲ ਜਾਂਦੇ ਹਨ। 

ਇਸ ਸਕੀਮ ਤਹਿਤ ਦੋਵਾਂ ਨੇ ਉਨ੍ਹਾਂ ਕਾਮਿਆਂ ਲਈ ਸਿਰਫ 105,811 ਡਾਲਰ ਦੀ ਤਨਖ਼ਾਹ ਦਾ ਖਰਚਾ ਦੱਸਿਆ, ਜੋ ਬਹੁਤ ਘੱਟ ਹੈ। ਇਸ ਸੰਬੰਧੀ ਬੀਮਾ ਵਿਭਾਗ ਨੇ ਪਾਇਆ ਕਿ ਲਗਭਗ 1,436,387 ਡਾਲਰ ਦੀ ਤਨਖ਼ਾਹ ਦਾ ਵੇਰਵਾ ਖਰਚਿਆਂ ਵਿਚ ਨਹੀਂ ਦਿੱਤਾ ਗਿਆ ਹੈ ਅਤੇ ਟਰੱਸਟ ਟ੍ਰਾਂਸਪੋਰਟ ਦੀਆਂ ਬੀਮਾ ਕੰਪਨੀਆਂ ਨੂੰ ਇਸ ਆਮਦਨੀ ਦੀ ਰਿਪੋਰਟ ਵੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਰਕੇ ਬੀਮਾ ਪਾਲਿਸੀਆਂ ਦੇ ਘੱਟ ਪ੍ਰੀਮੀਅਮ ਭੁਗਤਾਨ ਕੀਤੇ ਜਾ ਰਹੇ ਸਨ। ਇਸ ਕਰਕੇ ਬੀਮਾ ਕੰਪਨੀਆਂ ਨੂੰ ਕਾਫੀ ਘਾਟਾ ਝੱਲਣਾ ਪਿਆ ਹੈ। ਸਿੰਘ ਅਤੇ ਕੌਰ ਦੋਵੇਂ ਨੇ ਸੈਕਰਾਮੈਂਟੋ ਸੁਪੀਰੀਅਰ ਕਾਉਂਟੀ ਵਿਚ ਆਤਮ-ਸਮਰਪਣ ਕਰ ਦਿੱਤਾ ਹੈ, ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਹੈ।
 

Lalita Mam

This news is Content Editor Lalita Mam